ਅੰਮ੍ਰਿਤਸਰ, (ਨੀਰਜ)- ਕਦੇ ਜੰਮੂਦਾ ਬਾਰਟਰ ਟ੍ਰੇਡ ਤਾਂ ਕਦੇ ਬਾਕਾਇਦਗੀ ਦਾ ਆਲਮ, ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਪਾਕਿਸਤਾਨ ਨਾਲ ਆਯਾਤ-ਨਿਰਯਾਤ ਕਰਨ ਵਾਲੇ ਭਾਰਤੀ ਵਪਾਰੀਆਂ ਨੂੰ ਆਏ ਦਿਨ ਨੁਕਸਾਨ ਚੁੱਕਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਅਾਉਣ ਵਾਲੀਅਾਂ ਵਸਤੂਆਂ ’ਤੇ ਸੀ. ਡਬਲਿਊ. ਸੀ. ਨੇ ਡੈਮਰੇਜ ਚਾਰਜਿਜ਼ ਲਾ ਦਿੱਤੇ ਹਨ, ਜਿਸ ਨਾਲ ਵਪਾਰੀਆਂ ਨੂੰ 40 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਟਰੱਕ ਆਪ੍ਰੇਟਰਾਂ ਵੱਲੋਂ ਕੀਤੀ ਗਈ ਦੇਸ਼ ਵਿਆਪੀ ਹਡ਼ਤਾਲ ਕਾਰਨ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਵੀ ਪਾਕਿਸਤਾਨ ਤੋਂ ਆਯਾਤਿਤ ਵਸਤੂਅਾਂ ਦੀ ਢੁਆਈ ਦਾ ਕੰਮ ਰੁਕ ਗਿਆ ਸੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਐਕਸਪੋਰਟ ਕੀਤਾ ਗਿਆ ਸੀ। ਇਥੋਂ ਤੱਕ ਕਿ ਲੋਕਲ ਅਟਾਰੀ ਟਰੱਕ ਯੂਨੀਅਨ ਨੇ ਵੀ ਹਡ਼ਤਾਲ ਕੀਤੀ ਸੀ, ਜਿਸ ਨਾਲ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਡਰਾਈਫਰੂਟ ਤੇ ਹੋਰ ਵਸਤਾਂ ਨੂੰ ਸੀ. ਡਬਲਿਊ. ਸੀ. ਦੇ ਗੋਦਾਮਾਂ ਵੱਲੋਂ ਚੁੱਕਿਆ ਨਹੀਂ ਜਾ ਸਕਿਆ ਸੀ। ਸਮੂਹ ਵਪਾਰੀਆਂ ਨੇ ਸੀ. ਡਬਲਿਊ. ਸੀ. ਅਤੇ ਹੋਰ ਏਜੰਸੀਆਂ ਨੂੰ ਲਿਖਤੀ ਅਪੀਲ ਵੀ ਕੀਤੀ ਸੀ ਕਿ ਟਰੱਕ ਆਪ੍ਰੇਟਰਾਂ ਦੀ ਹਡ਼ਤਾਲ ਕਾਰਨ ਉਹ ਸੀ. ਡਬਲਿਊ. ਸੀ. ਦੇ ਗੋਦਾਮਾਂ ’ਚ ਪਿਆ ਮਾਲ ਚੁੱਕਣ ਵਿਚ ਅਸਮਰੱਥ ਹਨ। ਇਸ ਲਈ ਉਨ੍ਹਾਂ ਵਸਤੂਆਂ ’ਤੇ ਡੈਮਰੇਜ ਚਾਰਜਿਜ਼ ਨਾ ਲਾਏ ਜਾਣ, ਇਸ ਦੇ ਬਾਵਜੂਦ ਸੀ. ਡਬਲਿਊ. ਸੀ. ਨੇ ਵਪਾਰੀਆਂ ਨੂੰ ਕੋਈ ਖਾਸ ਰਾਹਤ ਨਹੀਂ ਦਿੱਤੀ ਅਤੇ 7 ਦਿਨਾਂ ਦੀ ਹਡ਼ਤਾਲ ਦੇ ਬਦਲੇ ਸਿਰਫ 2 ਦਿਨਾਂ ਦਾ ਡੈਮਰੇਜ ਚਾਰਜਿਜ਼ ਮੁਆਫ ਕੀਤਾ ਗਿਆ, ਜਿਸ ਨਾਲ ਵਪਾਰੀਆਂ ਨੂੰ ਡੈਮਰੇਜ ਦੇ ਰੂੁਪ ਵਿਚ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਹਾਲਾਂਕਿ ਇਸ ਮਾਮਲੇ ਵਿਚ ਵਪਾਰੀਆਂ ਦਾ ਕੋਈ ਕਸੂਰ ਨਹੀਂ ਸੀ ਕਿਉਂਕਿ ਟਰੱਕਾਂ ਤੋਂ ਬਿਨਾਂ ਸੀ. ਡਬਲਿਊ. ਸੀ. ਦੇ ਗੋਦਾਮਾਂ ਵਿਚ ਰੱਖਿਆ ਮਾਲ ਚੁੱਕਿਆ ਨਹੀਂ ਜਾ ਸਕਦਾ। ਇਸ ਹਾਲਤ ਵਿਚ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਨਾਲ ਕਾਰੋਬਾਰ ਕਰਨ ਵਾਲੇ ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਵਪਾਰੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਤਾਂ ਉਹ ਆਈ. ਸੀ. ਪੀ. ’ਤੇ ਆਯਾਤ-ਨਿਰਯਾਤ ਬੰਦ ਕਰ ਦੇਣਗੇ। ਫਿਲਹਾਲ ਇਕ ਵਾਰ ਫਿਰ ਤੋਂ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ ਵਪਾਰੀ ਮਾੜੇ ਪ੍ਰਬੰਧਾਂ ਅਤੇ ਸੀ. ਡਬਲਿਊ. ਸੀ. ਦੀ ਬਦਸਲੂਕੀ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
ਮੀਂਹ ਦੇ ਪਾਣੀ ਨਾਲ ਖ਼ਰਾਬ ਜਿਪਸਮ ’ਤੇ ਵੀ ਨਹੀਂ ਦਿੱਤਾ ਮੁਆਵਜ਼ਾ : ਸੀ. ਡਬਲਿਊ. ਸੀ. ਨੇ ਗੋਦਾਮਾਂ ’ਚ ਰੱਖੇ ਮਾਲ ’ਤੇ ਨਾ ਸਿਰਫ ਡੈਮਰੇਜ ਚਾਰਜਿਜ਼ ਲਾਏ ਹਨ ਸਗੋਂ ਮੀਂਹ ਦੇ ਪਾਣੀ ਵਿਚ ਕੱਚੇ ਅਤੇ ਖੁੱਲ੍ਹੇ ਅਾਸਮਾਨ ’ਚ ਬਿਨਾਂ ਸ਼ੈੱਡ ਵਾਲੇ ਮੈਦਾਨ ਵਿਚ ਖ਼ਰਾਬ ਹੋਏ ਜਿਪਸਮ ’ਤੇ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ, ਜਦੋਂ ਕਿ ਪਾਕਿਸਤਾਨ ਵੱਲੋਂ ਆਯਾਤਿਤ ਵਸਤੂਆਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸੀ. ਡਬਲਿਊ. ਸੀ. ਦੀ ਬਣਦੀ ਹੈ। ਆਯਾਤਿਤ ਵਸਤੂਆਂ ਨੂੰ ਗੋਦਾਮਾਂ ਵਿਚ ਰੱਖਣ ਲਈ ਸੀ. ਡਬਲਿਊ. ਸੀ. ਵੱਲੋਂ ਬਾਕਾਇਦਾ ਵਪਾਰੀਆਂ ਤੋਂ ਸਰਕਾਰੀ ਫੀਸ ਵਸੂਲ ਕੀਤੀ ਜਾਂਦੀ ਹੈ ਪਰ ਅੱਜ ਵੀ ਪਾਕਿਸਤਾਨ ਵੱਲੋਂ ਆਯਾਤਿਤ ਜਿਪਸਮ ਖੁੱਲ੍ਹੇ ਮੈਦਾਨ ਵਿਚ ਰੱਖਿਆ ਜਾ ਰਿਹਾ ਹੈ, ਜਿਥੇ ਇਹ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਜਾਂਦਾ ਹੈ।
ਐਕਸਪੋਰਟ ’ਤੇ ਵੀ ਹੋ ਚੁੱਕਾ ਹੈ ਕਰੋਡ਼ਾਂ ਦਾ ਨੁਕਸਾਨ : ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਹੋਣ ਵਾਲੇ ਆਯਾਤ ਦੇ ਨਾਲ-ਨਾਲ ਪਾਕਿਸਤਾਨ ਨੂੰ ਹੋਣ ਵਾਲੇ ਐਕਸਪੋਰਟ ਵਿਚ ਵੀ ਵਪਾਰੀਆਂ ਨੂੰ ਕਰੋਡ਼ਾਂ ਰੁਪਇਆਂ ਦਾ ਨੁਕਸਾਨ ਹੋ ਚੁੱਕਾ ਹੈ। ਇਸ ਸਮੇਂ ਵੀ ਐਕਸਪੋਰਟ ਵਿਚ ਭਾਰੀ ਗਿਰਾਵਟ ਹੈ ਅਤੇ ਮੌਜੂਦਾ ਹਾਲਾਤ ਵਿਚ ਪਾਕਿਸਤਾਨ ਨੂੰ ਐਕਸਪੋਰਟ ਲਗਭਗ ਸਿਫ਼ਰ ਹੋ ਚੁੱਕਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਭਾਰੀ ਮਾਤਰਾ ਵਿਚ ਰਾਕਟਾਨ, ਸੋਇਆਬੀਨ, ਕਾਟਨ ਯਾਰਨ, ਪਲਾਸਟਿਕ ਦਾਣਾ, ਟਮਾਟਰ, ਅਦਰਕ, ਲਸਣ, ਕੱਚਾ ਮੀਟ ਆਦਿ ਦਾ ਪਾਕਿਸਤਾਨ ਨੂੰ ਨਿਰਯਾਤ ਕੀਤਾ ਜਾਂਦਾ ਸੀ, ਜੋ ਇਸ ਸਮੇਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਇਸ ਮਾਮਲੇ ’ਚ ਪਾਕਿਸਤਾਨ ਦੀ ਸਰਕਾਰ ਜਾਣਬੁੱਝ ਕੇ ਸਾਜ਼ਿਸ਼ ਕਰ ਰਹੀ ਹੈ। ਪਾਕਿਸਤਾਨ ਦਾ ਫੁਮੀਗੇਸ਼ਨ ਵਿਭਾਗ ਰੋਗ ਦਾ ਹਵਾਲਾ ਦਿੰਦੇ ਹੋਏ ਭਾਰਤੀ ਵਸਤੂਆਂ ਦੇ ਆਯਾਤ ’ਤੇ ਰੋਕ ਲਾ ਰਿਹਾ ਹੈ। ਭਾਰਤੀ ਵਪਾਰੀਆਂ ਵੱਲੋਂ ਪਾਕਿਸਤਾਨ ਨੂੰ ਐਕਸਪੋਰਟ ਕੀਤੇ ਗਏ ਸੋਇਆਬੀਨ ਦੇ 86 ਟਰੱਕ ਕਈ ਮਹੀਨਿਅਾਂ ਤੱਕ ਪਾਕਿਸਤਾਨ ਵਿਚ ਖਡ਼੍ਹੇ ਰਹੇ ਤੇ ਸਾਰਾ ਮਾਲ ਸਡ਼ ਗਿਆ ਪਰ ਪਾਕਿਸਤਾਨ ਨੇ ਨਾ ਤਾਂ ਇਸ ਮਾਲ ਨੂੰ ਵਾਪਸ ਕੀਤਾ ਤੇ ਨਾ ਹੀ ਇਸ ਦਾ ਹਰਜਾਨਾ ਭਰਨ ਨੂੰ ਤਿਆਰ ਹੈ। ਇਸ ਨਾਲ ਭਾਰਤੀ ਵਪਾਰੀਆਂ ਨੂੰ ਕਰੋਡ਼ਾਂ ਦਾ ਨੁਕਸਾਨ ਹੋ ਚੁੱਕਾ ਹੈ। ਇਸ ਸਬੰਧੀ ਪਾਕਿਸਤਾਨੀ ਵਪਾਰੀ ਵੱਲੋਂ ਆਪਣੀ ਹਾਈ ਕੋਰਟ ਵਿਚ ਕਾਨੂੰਨੀ ਲਡ਼ਾਈ ਵੀ ਲਡ਼ੀ ਜਾ ਰਹੀ ਹੈ।
ਇਹ ਸਾਰੀ ਸੋਇਆਬੀਨ ਮੱਧ ਪ੍ਰਦੇਸ਼ ਤੋਂ ਆਈ. ਸੀ. ਪੀ. ਆ ਰਹੀ ਸੀ ਅਤੇ ਪਾਕਿਸਤਾਨ ਨੂੰ ਭੇਜੀ ਜਾ ਰਹੀ ਸੀ ਪਰ ਪਾਕਿਸਤਾਨ ਸਰਕਾਰ ਨੇ ਬਿਨਾਂ ਕਾਰਨ ਇਸ ’ਤੇ ਬੈਨ ਲਾ ਦਿੱਤਾ, ਜਿਸ ਨਾਲ ਅੱਜ ਮੱਧ ਪ੍ਰਦੇਸ਼ ਦੇ ਸੋਇਆਬੀਨ ਦੀ ਖੇਤੀ ਕਰਨ ਵਾਲੇ ਕਿਸਾਨ ਸਡ਼ਕਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ, ਪਾਕਿਸਤਾਨ ਨੂੰ ਟਮਾਟਰ ਵੀ ਮੱਧ ਪ੍ਰਦੇਸ਼ ਦਾ ਹੀ ਜਾਣਾ ਸੀ, ਜਿਸ ਨਾਲ ਇਸ ਰਾਜ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ, ਜਦੋਂ ਕਿ ਵਪਾਰੀਆਂ ਅਨੁਸਾਰ ਫਰਵਰੀ ਤੋਂ ਲੈ ਕੇ ਹੁਣ ਤੱਕ ਦੇ ਮਹੀਨਿਆਂ ਵਿਚ ਸੋਇਆਬੀਨ ਅਤੇ ਟਮਾਟਰ ਦਾ ਰੋਜ਼ਾਨਾ 200 ਟਰੱਕ ਪਾਕਿਸਤਾਨ ਨੂੰ ਐਕਸਪੋਰਟ ਹੁੰਦਾ ਸੀ ਪਰ ਪਾਕਿਸਤਾਨ ਦੀ ਸਰਕਾਰ ਜਾਣਬੁੱਝ ਕੇ ਭਾਰਤ ਨਾਲ ਵਪਾਰਕ ਰਿਸ਼ਤੇ ਖ਼ਰਾਬ ਕਰ ਰਹੀ ਹੈ ਅਤੇ ਚੀਨ ਦੇ ਬਹਿਕਾਵੇ ਵਿਚ ਆ ਕੇ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ, ਪਾਕਿਸਤਾਨ ਦੀ ਸਰਕਾਰ ਆਪਣੇ ਹੀ ਵਪਾਰੀਆਂ ਨੂੰ ਵੀ ਭਾਰਤੀ ਫਰੈਸ਼ ਵੈਜੀਟੇਬਲਸ ਦਾ ਨਿਰਯਾਤ ਕਰਨ ਦੀ ਮਨਜ਼ੂਰੀ ਨਹੀਂ ਦੇ ਰਹੀ, ਜਿਸ ਨਾਲ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ। ਈਦ ਜਿਹੇ ਤਿਉਹਾਰਾਂ ਮੌਕੇੇ ਪਾਕਿਸਤਾਨ ਵਿਚ ਟਮਟਾਰ ਦੀ ਭਾਰੀ ਮੰਗ ਰਹਿੰਦੀ ਹੈ ਪਰ ਇਸ ਵਾਰ ਪਾਕਿਸਤਾਨੀ ਵਪਾਰੀਆਂ ਨੇ ਭਾਰਤੀ ਟਮਾਟਰ ਦਾ ਵਪਾਰ ਨਹੀਂ ਕੀਤਾ। ਵਪਾਰੀਆਂ ਅਨੁਸਾਰ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਈ. ਸੀ. ਪੀ. ’ਤੇ ਕੰਮ ਹੀ ਬੰਦ ਹੋ ਜਾਵੇਗਾ।
ਕਈ ਮਹੀਨਿਆਂ ਤੋਂ ਨਹੀਂ ਹੋਈ ਲਾਹੌਰ ਤੇ ਅੰਮ੍ਰਿਤਸਰ ਕਮਿਸ਼ਨਰੇਟ ਦੀ ਬੈਠਕ : ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਲਗਾਤਾਰ ਘੱਟ ਹੁੰਦੇ ਜਾ ਰਹੇ ਆਯਾਤ-ਨਿਰਯਾਤ ਪਿੱਛੇ ਇਕ ਕਾਰਨ ਭਾਰਤ-ਪਾਕਿਸਤਾਨ ਕਸਟਮ ਅਧਿਕਾਰੀਆਂ ਦੀ ਬੈਠਕ ਨਾ ਹੋਣਾ ਵੀ ਹੈ। ਪਿਛਲੇ ਕਈ ਮਹੀਨਿਆਂ ਤੋਂ ਲਾਹੌਰ ਕਮਿਸ਼ਨਰੇਟ ਦੇ ਕਸਟਮ ਅਧਿਕਾਰੀਆਂ ਤੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਕਸਟਮ ਅਧਿਕਾਰੀਆਂ ਦੀ ਬੈਠਕ ਨਹੀਂ ਹੋਈ, ਜਦੋਂ ਕਿ ਪਾਕਿਸਤਾਨ ਦੇ ਕਸਟਮ ਅਧਿਕਾਰੀ ਅੰਮ੍ਰਿਤਸਰ ਆ ਕੇ ਬੈਠਕ ਕਰਦੇ ਸਨ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਕਸਟਮ ਅਧਿਕਾਰੀ ਲਾਹੌਰ ਵਿਚ ਜਾ ਕੇ ਪਾਕਿਸਤਾਨੀ ਅਧਿਕਾਰੀਆਂ ਨਾਲ ਬੈਠਕ ਕਰਦੇ ਸਨ, ਜਿਸ ਵਿਚ ਆਯਾਤ-ਨਿਰਯਾਤ ’ਚ ਆਉਣ ਵਾਲੀਅਾਂ ਸਮੱਸਿਆਵਾਂ ਤੋਂ ਇਲਾਵਾ ਸਮੱਗਲਿੰਗ ਜਿਹੇ ਮੁੱਦਿਆਂ ’ਤੇ ਵੀ ਵਿਚਾਰ ਚਰਚਾ ਕੀਤੀ ਜਾਂਦੀ ਸੀ, ਇਸ ਦਾ ਕਾਫ਼ੀ ਸਾਕਾਰਾਤਮਕ ਅਸਰ ਵੀ ਦੇਖਣ ਨੂੰ ਮਿਲਦਾ ਸੀ ਪਰ ਪਾਕਿਸਤਾਨ ਅਤੇ ਭਾਰਤ ਵਿਚ ਲਗਾਤਾਰ ਵੱਧਦੀ ਜਾ ਰਹੀ ਤਲਖੀ ਕਾਰਵਨ ਇਹ ਬੈਠਕ ਹੁਣ ਨਹੀਂ ਹੋ ਰਹੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚ ਤਾਲਮੇਲ ਦੀ ਕਮੀ ਕਾਰਨ ਆਯਾਤ-ਨਿਰਯਾਤ ਡਿੱਗਦਾ ਜਾ ਰਿਹਾ ਹੈ।
ਮਿਡ-ਡੇ ਮੀਲ ਵਰਕਰਾਂ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ
NEXT STORY