ਫ਼ਰੀਦਕੋਟ (ਹਾਲੀ) - ਮਹਿਕਮਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪੰਚਾਇਤ ਸਕੱਤਰ, ਵੀ. ਡੀ. ਓਜ਼, ਜੇ. ਈ. ਅਤੇ ਸਮੂਹ ਸੰਮਤੀ ਕਰਮਚਾਰੀ ਯੂਨੀਅਨ ਜ਼ਿਲਾ ਫ਼ਰੀਦਕੋਟ ਵੱਲੋਂ ਮਹਿਕਮੇ ਦੀ ਭ੍ਰਿਸ਼ਟ ਅਫਸਰਸ਼ਾਹੀ ਖਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਕਰਮਚਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਦੀ ਅਗਵਾਈ ਕਰਦਿਆਂ ਗੁਰਜੀਵਨ ਸਿੰਘ ਬਰਾੜ ਸੂਬਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਬੇਅੰਤ ਸਿੰਘ ਢਿੱਲੋਂ ਜ਼ਿਲਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਗੁਰਜੰਟ ਸਿੰਘ ਜ਼ਿਲਾ ਪ੍ਰਧਾਨ ਵੀ. ਡੀ. ਓ. ਯੂਨੀਅਨ ਅਤੇ ਅਸ਼ੋਕ ਕੁਮਰ ਏ. ਈ. ਯੂਨੀਅਨ ਨੇ ਕਿਹਾ ਕਿ ਸਮੂਹ ਫੀਲਡ ਸਟਾਫ ਨੂੰ ਤੰਗ-ਪ੍ਰੇਸ਼ਾਨ ਕਰਨਾ, ਬਿਨਾਂ ਵਜ੍ਹਾ ਸਸਪੈਂਡ ਅਤੇ ਪਰਚਾ ਕਰਵਾਉਣ ਦੀਆਂ ਧਮਕੀਆਂ ਦੇ ਕੇ ਕਰਮਚਾਰੀਆਂ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਸਮੇਂ ਗੁਰਸ਼ਵਿੰਦਰ ਸਿੰਘ ਬਰਾੜ ਜ਼ਿਲਾ ਪ੍ਰਧਾਨ ਪੰਚਾਇਤ ਯੂਨੀਅਨ ਨੇ ਕਿਹਾ ਕਿ ਅਫਸਰਸ਼ਾਹੀ ਵੱਲੋਂ ਪੰਚਾਇਤਾਂ ਅਤੇ ਪੰਚਾਇਤ ਸਕੱਤਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਪੰਚ ਜਾਂ ਪੰਚਾਇਤ ਸਕੱਤਰ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਕੀਤਾ ਤਾਂ ਪੰਚਾਇਤ ਯੂਨੀਅਨ ਮੁਲਾਜ਼ਮਾਂ ਨਾਲ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਸੂਬਾ ਪ੍ਰਧਾਨ ਗੁਰਜੀਵਨ ਸਿੰਘ ਬਰਾੜ ਨੇ ਕਿਹਾ ਕਿ ਸੂਬਾ ਕਮੇਟੀ ਦੇ ਧਿਆਨ 'ਚ ਆਇਆ ਹੈ ਕਿ ਜ਼ਿਲੇ ਦੇ ਬਲਾਕ ਫਰੀਦਕੋਟ ਅਤੇ ਜੈਤੋ ਵਿਚ ਕੰਮ ਕਰਦੇ ਸੰਮਤੀ ਕਰਮਚਾਰੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਦਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਕਈ ਵਾਰ ਨਿੱਜੀ ਤੌਰ 'ਤੇ ਮਿਲ ਕੇ ਅਤੇ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਗਿਆ ਪਰ ਅਧਿਕਾਰੀਆਂ ਦੇ ਅਜੇ ਤੱਕ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ।
ਉਨ੍ਹਾਂ ਮੰਗ ਕੀਤੀ ਕਿ ਸੰਮਤੀ ਕਰਮਚਾਰੀਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਅਤੇ ਆਉਣ ਵਾਲੇ ਵਿੱਤੀ ਸਾਲ 2018-19 ਲਈ ਸਮੂਹ ਸੰਮਤੀ ਕਰਮਚਾਰੀਆਂ ਦੀਆਂ ਤਨਖਾਹਾਂ ਖਜ਼ਾਨਾ ਦਫਤਰ ਰਾਹੀਂ ਹਰ ਮਹੀਨੇ ਜਾਰੀ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਇਕ ਹਫਤੇ 'ਚ ਸਾਰੀਆਂ ਸਮੱਸਿਆਵਾਂ ਦਾ ਕੋਈ ਸਾਰਥਕ ਹੱਲ ਨਾ ਕੱਢਿਆ ਤਾਂ ਸੂਬਾ ਕਮੇਟੀ ਇਸ ਸੰਘਰਸ਼ ਨੂੰ ਸੂਬਾ ਪੱਧਰ ਤੱਕ ਲਿਜਾਣ ਲਈ ਮਜਬੂਰ ਹੋਵੇਗੀ। ਇਸ ਦੌਰਾਨ ਸੁਰਜੀਤ ਸਿੰਘ ਰਾਊਕੇ ਸੂਬਾ ਪ੍ਰਧਾਨ ਪੰਚਾਇਤ ਅਫਸਰ ਐਸੋਸੀਏਸ਼ਨ, ਇਕਬਾਲ ਸਿੰਘ ਸ੍ਰੀ ਮੁਕਤਸਰ ਸਾਹਿਬ, ਬਲਜਿੰਦਰ ਸਿੰਘ ਬਠਿੰਡਾ ਅਤੇ ਤਾਰਾ ਚੰਦ ਦੋਵੇਂ ਜੇ. ਈ. ਜ਼ਿਲਾ ਫਰੀਦਕੋਟ ਆਦਿ ਤੋਂ ਇਲਾਵਾ ਸਮੂਹ ਪੰਚਾਇਤ ਸਕੱਤਰ, ਵੀ. ਡੀ. ਓਜ਼. ਅਤੇ ਸੰਮਤੀ ਕਰਮਚਾਰੀ ਹਾਜ਼ਰ ਸਨ।
ਰਾਣਾ ਗੁਰਜੀਤ ਦਾ ਸੁਖਪਾਲ ਖਹਿਰਾ ਨੂੰ ਵੱਡਾ ਸਵਾਲ!
NEXT STORY