ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਬੀਤੀ 29 ਦਸੰਬਰ ਨੂੰ 'ਜਗ ਬਾਣੀ' ਵੱਲੋਂ ਪਿੰਡ ਬਘਿਆੜੀ ਦੀਆਂ ਕਾਲੋਨੀਆਂ ਵਾਸੀਆਂ ਵੱਲੋਂ ਘਰਾਂ ਦੇ ਨਿਕਾਸੀ ਪਾਣੀ ਨੂੰ ਝਬਾਲ ਤੋਂ ਅਟਾਰੀ ਨੂੰ ਜਾਣ ਵਾਲੀ ਸ਼ੇਰਸ਼ਾਹ ਸੂਰੀ ਮਾਰਗ ਦੇ ਨਾਂ ਨਾਲ ਜਾਣੀ ਜਾਂਦੀ ਜਰਨੈਲੀ ਸੜਕ 'ਤੇ ਸੁੱਟ ਕੇ ਸੜਕ ਨੂੰ ਖਰਾਬ ਕਰਨ ਦੇ ਮਾਮਲੇ ਨੂੰ 'ਲੋਕਾਂ ਦੀ ਜਾਨ ਦਾ ਖੌਅ ਬਣੀ ਜਰਨੈਲੀ ਸੜਕ' ਦੇ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਉਜਾਗਰ ਕੀਤੀ ਗਈ ਖਬਰ ਤੋਂ ਬਾਅਦ ਪਿੰਡ ਦੀ ਗ੍ਰਾਮ ਪੰਚਾਇਤ ਹਰਕਤ 'ਚ ਆਈ ਹੈ। 'ਜਗ ਬਾਣੀ' ਵੱਲੋਂ ਪ੍ਰਕਾਸ਼ਿਤ ਕੀਤੀ ਗਈ ਖਬਰ ਦਾ ਸੋਮਵਾਰ ਨੂੰ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪਿੰਡ ਦੀ ਸਰਪੰਚ ਕੁਲਵੰਤ ਕੌਰ ਦੇ ਪਤੀ ਮੋਤਾ ਸਿੰਘ ਦੀ ਅਗਵਾਈ 'ਚ ਪੰਚਾਇਤ ਨੇ ਜੇ. ਸੀ. ਬੀ. ਮਸ਼ੀਨ ਲਗਾ ਕੇ ਕਾਲੋਨੀ ਦੇ ਅੱਗੋਂ ਲੰਘ ਰਹੇ ਨਾਲੇ ਦੀ ਸਫਾਈ ਕਰਾਉਣ ਦਾ ਕੰਮ ਅਰੰਭ ਕਰਾਉਣ ਦਾ ਦਾਅਵਾ ਕੀਤਾ। ਜਾਣਕਾਰੀ ਦਿੰਦਿਆਂ ਮੋਤਾ ਸਿੰਘ, ਮੈਂਬਰ ਪੰਚਾਇਤ ਬਲਕਾਰ ਸਿੰਘ, ਮੁੱਖਤਾਰ ਸਿੰਘ, ਮੱਲਕ ਸਿੰਘ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਅਤੇ ਬਚਨ ਸਿੰਘ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਦੇ ਘਰਾਂ ਦੀ ਨਿਕਾਸੀ ਲਈ ਬੇਸ਼ੱਕ ਪੰਚਾਇਤ ਵੱਲੋਂ ਨਾਲਾ ਬਣਾਇਆ ਹੋਇਆ ਹੈ ਪਰ ਲੋਕਾਂ ਵੱਲੋਂ ਨਾਲੇ ਦੀ ਸਫਾਈ ਨਾ ਕਰਨ ਤੇ ਕੂੜਾ ਕਰਕਟ ਸੁੱਟਣ ਕਾਰਨ ਨਾਲ ਬੁਰੀ ਤਰ੍ਹਾਂ ਬੰਦ ਹੋਣ ਕਰਕੇ ਪਾਣੀ ਸੜਕ 'ਤੇ ਪੈਣ ਕਾਰਨ ਸੜਕ ਨੁਕਸਾਨੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਚਾਇਤ ਦੇ ਫੰਡ ਚੋਂ ਨਾਲੇ ਦੇ ਉਪਰ ਪਈਆਂ ਸਲੈਬਾਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਹਟਵਾ ਦਿੱਤਾ ਗਿਆ ਹੈ ਤਾਂ ਜੋਂ ਪਾਣੀ ਰੁਕਣ ਦੀ ਕੋਈ ਸਮੱਸਿਆ ਨਾ ਆਵੇ। ਪੰਚਾਇਤ ਦੇ ਨੁਮਾਇੰਦਿਆਂ ਦਾ ਕਾਲੋਨੀ ਵਾਸੀਆਂ 'ਤੇ ਇਹ ਵੀ ਦੋਸ਼ ਹੈ ਕਿ ਕਾਲੋਨੀ ਵਾਸੀਆਂ ਵੱਲੋਂ ਨਿਰਮਾਣੇ ਗਈ ਨਾਲੇ ਦੀਆਂ ਆਹੌਦੀਆਂ ਨੂੰ ਮਿੱਟੀ ਦੀਆਂ ਬੋਰੀਆਂ ਸੁੱਟ ਕੇ ਬੰਦ ਕਰਨ ਕਰਕੇ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ।
ਨਾਲੇ ਦੇ ਨਿਰਮਾਣ ਲਈ ਆਈ 5 ਲੱਖ ਦੀ ਗ੍ਰਾਂਟ 'ਤੇ ਕਾਲੋਨੀ ਵਾਸੀਆਂ ਚੁੱਕੇ ਸਵਾਲ
ਕਾਲੋਨੀ ਵਾਸੀਆਂ ਮੰਗਤ ਸਿੰਘ, ਫਕੀਰ ਸਿੰਘ ਅਤੇ ਚਰਨ ਸਿੰਘ ਆਦਿ ਨੇ ਕਾਲੋਨੀ ਦੇ ਘਰਾਂ ਦੀ ਨਿਕਾਸੀ ਲਈ ਨਾਲੇ ਦਾ ਨਿਰਮਾਣ ਕਰਾਉਣ ਲਈ ਆਈ 5 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ 5 ਲੱਖ ਰੁਪਏ ਨਾਲ ਕਾਲੋਨੀ ਤੋਂ ਅੱਗੇ ਕੁਝ ਰਕਬੇ 'ਚ ਨਿਕਾਸੀ ਨਾਲਾ ਬਣਾਉਣ ਲਈ ਪੰਚਾਇਤ ਵੱਲੋਂ ਪੋਰੇ ਪਾ ਕੇ ਆਹੌਦੀਆਂ ਬਣਾਈਆਂ ਗਈਆਂ ਹਨ ਪਰ ਅੱਧੇ ਅਧੂਰੇ ਨਿਰਮਾਣ ਉਪਰੰਤ ਉਕਤ ਨਾਲੇ ਦਾ ਕੰਮ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਕਾਸੀ ਨਾਲਾ ਚਾਲੂ ਨਾ ਕਰਨ ਕਰਕੇ ਪਾਣੀ ਸੜਕ 'ਤੇ ਆ ਰਿਹਾ ਹੈ ਤੇ ਸੜਕ ਦਾ ਨੁਕਸਾਨ ਹੋ ਰਿਹਾ ਹੈ। ਪੰਚਾਇਤ ਵੱਲੋਂ ਕੇਵਲ ਨਾਲੇ ਉਪਰੋਂ ਸਲੈਬਾਂ ਹੀ ਹਟਾਈਆਂ ਗਈਆਂ ਹਨ, ਜਦ ਕਿ ਨਾਲੇ ਦੀ ਸਫਾਈ ਕਾਲੋਨੀ ਵਾਸੀਆਂ ਵੱਲੋਂ ਉਗਰਾਹੀ(ਪੈਸੇ ਇਕੱਠੇ) ਕਰਕੇ ਆਪਣੇ ਤੌਰ 'ਤੇ ਕਰਾਉਣ ਦਾ ਕਿਹਾ ਗਿਆ ਹੈ।
ਨਹੀਂ ਲਿਆ ਹਲਕਾ ਵਿਧਾਇਕ ਨੇ ਜਾਇਜ਼ਾ - ਕਾਲੋਨੀ ਵਾਸੀ
ਕਾਲੋਨੀ ਵਾਸੀਆਂ 'ਚ ਰੋਸ ਹੈ ਕਿ ਉਨ੍ਹਾਂ ਦੇ ਘਰਾਂ ਦਾ ਨਿਕਾਸੀ ਪਾਣੀ ਘਰਾਂ ਦੇ ਅੰਦਰ ਅਤੇ ਬਾਹਰ ਗਲੀਆਂ, ਸੜਕ ਆਦਿ 'ਤੇ ਇਕੱਠਾ ਹੋਣ ਕਾਰਨ ਜਿੱਥੇ ਗੰਦੇ ਪਾਣੀ ਦੀ ਬਦਬੂ ਨੇ ਉਨ੍ਹਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਹੈ ਉਥੇ ਹੀ ਉਕਤ ਪਾਣੀ 'ਚ ਪੈਦਾ ਹੋਣ ਵਾਲੇ ਮੱਖੀ, ਮੱਛਰ ਅਤੇ ਹੋਰ ਕੀਟ, ਪੰਤਗਿਆਂ ਕਾਰਨ ਕਾਲੋਨੀ ਵਾਸੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਦਕਿ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਦੇ ਪੀਣ ਵਾਲੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਲੋਕਾਂ ਨੇ ਹਲਕਾ ਵਿਧਾਇਕ ਵੱਲੋਂ ਮੌਕੇ 'ਤੇ ਪੁੱਜ ਕੇ ਜਾਇਜ਼ਾ ਲੈ ਕੇ ਉਨ੍ਹਾਂ ਦੀ ਸਮੱਸਿਆ ਹੱਲ ਨਾ ਕਰਨ ਦਾ ਭਾਰੀ ਇਤਰਾਜ਼ ਪ੍ਰਗਟ ਕੀਤਾ ਹੈ।
ਡਾਕਟਰਾਂ ਨੇ ਹੜਤਾਲ ਲਈ ਵਾਪਸ
NEXT STORY