ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹਨ। ਸਿੱਧੂ ਦਾ ਦਾਅਵਾ ਹੈ ਕਿ ਇਹ ਮਾਡਲ ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਇੱਕੋ-ਇਕ ਮਾਡਲ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਮਾਡਲ ਲਾਗੂ ਕਰਨ ਦਾ ਮੌਕਾ ਮਿਲੇ ਤਾਂ ਉਹ 6 ਮਹੀਨਿਆਂ 'ਚ ਹੀ ਪੰਜਾਬ ਦੀ ਤਸਵੀਰ ਬਦਲ ਦੇਣਗੇ ਪਰ ਇਸ ਸਭ ਦੇ ਬਾਵਜੂਦ ਸਿੱਧੂ ਇਸ ਮਾਮਲੇ 'ਚ ਇਕੱਲੇ ਹੀ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿੱਚ ਸਿੱਧੂ ਦੇ ਖ਼ਾਸਮਖ਼ਾਸ ਜਾਣੇ ਜਾਂਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਕਦੇ ਖੁੱਲ੍ਹ ਕੇ ਹਿਮਾਇਤ ਨਹੀਂ ਕੀਤੀ।ਬੇਸ਼ੱਕ ਇਹ ਦੋਵੇਂ ਨੇਤਾ ਇੱਕਜੁਟ ਨਜ਼ਰ ਆਉਂਦੇ ਰਹੇ ਹਨ ਪਰ ਪਿਛਲੇ ਦਿਨਾਂ ਵਿੱਚ ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਦੌਰਾਨ ਸਿੱਧੂ ਤੇ ਪਰਗਟ ਸਿੰਘ ਵਿਚਕਾਰ ਦੂਰੀਆਂ ਵਧੀਆਂ ਹਨ। ਸਿੱਧੂ 'ਪੰਜਾਬ ਮਾਡਲ' ਪੇਸ਼ ਕਰਨ ਸਮੇਂ ਹਮੇਸ਼ਾ ਇਕੱਲੇ ਨਜ਼ਰ ਆਉਂਦੇ ਰਹੇ ਹਨ। ਇਥੋਂ ਤੱਕ ਕਿ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਨਾਲ ਲਾਏ 4 ਕਾਰਜਕਾਰੀ ਪ੍ਰਧਾਨ ਵੀ ਨਜ਼ਰ ਨਹੀਂ ਆਉਂਦੇ।
ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਤੇ ਪਰਗਟ ਸਿੰਘ ਵਿਚਕਾਰ ਦੂਰੀਆਂ ਉਦੋਂ ਵਧਣੀਆਂ ਸ਼ੁਰੂ ਹੋਈਆਂ ਜਦੋਂ ਪਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਵਿੱਚ ਰੱਖੀ ਇੱਕ ਚੋਣ ਰੈਲੀ 'ਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਨ, ਜਦਕਿ ਪਰਗਟ ਸਿੰਘ ਨੇ ਸਿੱਧੂ ਦੇ ਆਉਣ ਦੀ ਪੁਸ਼ਟੀ ਵੀ ਕੀਤੀ ਸੀ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਜੇ ਉਸ ਦਿਨ ਸਿੱਧੂ ਰੈਲੀ ਵਿੱਚ ਆ ਜਾਂਦੇ ਤਾਂ ਲੋਕਾਂ 'ਚ ਕਾਂਗਰਸ ਦੀ ਏਕਤਾ ਦਾ ਸੁਨੇਹਾ ਜਾਣਾ ਸੀ ਕਿਉਂਕਿ ਇਸ ਰੈਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਤੇ ਹੋਰ ਆਗੂ ਵੀ ਹਾਜ਼ਰ ਸਨ। ਇਸ ਮਗਰੋਂ ਤਾਂ ਮਾਮਲਾ ਹੋਰ ਉਲਝਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਿੱਧੂ ਵੱਲੋਂ ਪੇਸ਼ ਕੀਤੇ ਜਾ ਰਹੇ ਪੰਜਾਬ ਮਾਡਲ ਦੀ ਪਰਗਟ ਸਿੰਘ ਨੇ ਕਦੇ ਵੀ ਡਟ ਕੇ ਹਮਾਇਤ ਨਹੀਂ ਕੀਤੀ।ਪਰਗਟ ਸਿੰਘ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਕੋਈ ਵੀ ਸਿਆਸੀ ਆਗੂ ਅਜਿਹਾ ਨਹੀਂ ਹੈ, ਜੋ ਰਾਤੋ-ਰਾਤ ਪੰਜਾਬ ਦੀ ਸਥਿਤੀ ਬਦਲ ਸਕਦਾ ਹੈ।
ਇਹ ਵੀ ਪੜ੍ਹੋ : ਵੱਡਾ ਦਾਅ ਖੇਡਣ ਦੀ ਰੌਂਅ 'ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ
ਇਸ ਤੋਂ ਇਲਾਵਾ ਕਾਂਗਰਸੀ ਹਲਕਿਆਂ 'ਚ ਚਰਚਾ ਹੈ ਕਿ ਪਰਗਟ ਸਿੰਘ ਨੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ’ਚ ਜੇਕਰ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣਾ ਹੈ ਤਾਂ ਉਸ ਦੇ ਲਈ ਪੰਜਾਬ ’ਚ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੋਵੇਗਾ। ਕਾਂਗਰਸ ਸੂਤਰਾਂ ਨੇ ਕਿਹਾ ਕਿ ਇਸ ਦਾ ਸਪੱਸ਼ਟ ਇਸ਼ਾਰਾ ਸਿੱਧੂ ਵੱਲ ਸੀ, ਜੋ ਲਗਾਤਾਰ ਬਿਆਨਬਾਜ਼ੀ ਕਰਕੇ ਕਾਂਗਰਸ ਸਰਕਾਰ ਦੇ ਸਾਹਮਣੇ ਮੁਸ਼ਕਿਲਾਂ ਪੈਦਾ ਕਰ ਰਹੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੁਖਬੀਰ ਬਾਦਲ ਦਾ ਐਲਾਨ, ਸਰਕਾਰ ਬਣਨ 'ਤੇ ਕਣਕ ਤੇ ਮੱਕੀ ਤੋਂ ਈਥਨੌਲ ਬਣਾਉਣ ਦੇ ਲਾਵਾਂਗੇ ਕਾਰਖ਼ਾਨੇ
NEXT STORY