ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਖਿਤਾਬ ਵਾਪਸ ਲੈਣ ਦੀਆਂ ਆਵਾਜ਼ਾਂ ਤਾਂ ਕਈ ਵਾਰ ਉੱਠਦੀਆਂ ਰਹੀਆਂ ਹਨ ਪਰ ਇਸ ਬਾਬਤ ਪਹਿਲੀ ਸ਼ਿਕਾਇਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ ਹੈ। ਇਹ ਸ਼ਿਕਾਇਤ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕੀਤੀ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਬਾਦਲ ਤੋਂ ਫਖਰ-ਏ-ਕੌਮ ਖਿਤਾਬ ਵਾਪਸ ਲੈ ਕੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਐੱਚ. ਐੱਸ. ਫੂਲਕਾ ਤੇ ਬੀਬੀ ਜਗਦੀਸ਼ ਕੌਰ ਨੂੰ ਦਿੱਤਾ ਜਾਵੇ।
ਮੰਨਾ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਬਾਦਲਾਂ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਹੈ ਅਤੇ ਜਦੋਂ ਇਨ੍ਹਾਂ ਦੇ ਆਪਣੇ ਬੰਦੇ ਬੀਬੀ ਜਗੀਰ ਕੌਰ, ਸੁਖਬੀਰ ਬਾਦਲ ਜਾਂ ਫਿਰ ਮਜੀਠੀਆ ਕੋਈ ਗਲਤੀ ਕਰਦੇ ਹਨ ਤਾਂ ਉਨ੍ਹਾਂ ਲਈ ਅਕਾਲ ਤਖਤ ਦਾ ਕਾਨੂੰਨ ਹੋਰ ਹੈ। ਮੰਨਾ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਦੀ ਘਟਨਾ ਲਈ ਵੀ ਅਕਾਲੀ ਦਲ ਦੀ ਆਲੋਚਨਾ ਕੀਤੀ।
ਮੰਨਾ ਨੇ ਕਿਹਾ ਕਿ ਜੋ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀਆਂ ਗਲਤੀਆਂ ਮੰਨ ਰਿਹਾ ਹੈ, ਜਿਸ ਨੇ ਇੰਨੀਆਂ ਭੁੱਲਾਂ ਜਾਂ ਗੁਨਾਹ ਕੀਤੇ ਹਨ, ਉਹ ਬੰਦਾ ਫਖਰ-ਏ-ਕੌਮ ਕਿਵੇਂ ਹੋ ਸਕਦਾ ਹੈ।
ਪਿੰਡ ਚੁੱਘੇ ਖੁਰਦ 'ਚ ਬਜ਼ੁਰਗ ਦਾ ਇੱਟ ਮਾਰ ਕੇ ਕਤਲ
NEXT STORY