ਸੰਗਰੂਰ (ਹਨੀ ਕੋਹਲੀ) : ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਰਮਿੰਦਰ ਢੀਂਡਸਾ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਇਸ ਅਸਤੀਫੇ ਦਾ ਕਾਰਨ ਦੱਸਿਆ ਹੈ। ਪਰਮਿੰਦਰ ਦਾ ਕਹਿਣਾ ਹੈ ਕਿ ਜਿਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਦੇ ਪਿਤਾ ਸੁਖਦੇਵ ਢੀਂਡਸਾ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ, ਉਸੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਿਧਾਂਤਾਂ ਲਈ ਲੜੀ ਜਾ ਰਹੀ ਲੜਾਈ 'ਚ ਆਪਣੇ ਪਿਤਾ ਦੇ ਨਾਲ ਹਾਂ। ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਅਸੀਂ ਜੋ ਵੀ ਕਰ ਰਹੇ ਹਾਂ ਪਾਰਟੀ ਦੀ ਮਜ਼ਬੂਤੀ ਲਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਪਾਰਟੀ ਮਜ਼ਬੂਤ ਹੋਵੇਗੀ।
ਲਹਿਰਾਗਾਗਾ ਵਿਖੇ ਇਕ ਨਿੱਜੀ ਸਕੂਲ ਦੇ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਪਾਰਟੀ ਵਿਚ ਰਹਿ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ। ਦਲਜੀਤ ਚੀਮਾ ਦੇ ਬਿਆਨ 'ਤੇ ਬੋਲਦੇ ਹੋਏ ਪਰਮਿੰਦਰ ਨੇ ਕਿਹਾ ਕਿ ਜਿਹੜੀ ਗੱਲ ਚੀਮਾ ਕਹਿ ਰਹੇ ਹਨ ਉਹ ਠੀਕ ਨਹੀਂ ਹੈ, ਮੈਂ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਹਾਂ ਅਤੇ ਮੈਂ ਕਦੇ ਕੋਈ ਫੈਸਲਾ ਕਿਸੇ ਦੇ ਦਬਾਅ ਹੇਠ ਆ ਕੇ ਨਹੀਂ ਲੈਂਦਾ।
ਪਰਮਿੰਦਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਰਹਿ ਕੇ ਮੈਂ ਬਹੁਤ ਕੁਝ ਸਿੱਖਿਆ ਅਤੇ ਉਹ ਮੇਰੇ ਲਈ ਪ੍ਰੇਰਣਾ ਸਰੋਤ ਹਨ, ਸਾਨੂੰ ਸਾਰਿਆਂ ਨੂੰ ਇਕ ਰੱਖਣਾ ਉਨ੍ਹਾਂ ਦੀ ਭਾਵਨਾ ਹੈ ਪਰ ਸਿਆਸਤ ਇਕ ਅਲੱਗ ਗੱਲ ਹੈ। ਮੈਂ ਆਪਣੇ ਮਾਤਾ-ਪਿਤਾ ਦਾ ਸਾਥ ਦੇਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫਰੰਟ 'ਤੇ ਫੇਲ੍ਹ ਦੱਸਿਆ ਹੈ।
ਆਗਾਜ਼ ਨੇ ਥੈਲੇਸੀਮੀਆ ਪੀੜਤ ਬੱਚਿਆਂ ਦੀ ਸਹਾਇਤਾ ਲਈ ਲਾਇਆ ਖੂਨਦਾਨ ਕੈਂਪ
NEXT STORY