ਜਲੰਧਰ (ਚਾਵਲਾ) : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੁਰਦੁਆਰਿਆਂ 'ਚ ਮਹਿੰਗੇ ਰੁਮਾਲੇ, ਸੋਨੇ ਦੀਆਂ ਪਾਲਕੀਆਂ ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਗਰੀਬ ਲੋੜਵੰਦ ਸਿੱਖ ਨੌਜਵਾਨਾਂ ਨੂੰ ਉੱਚ ਵਿੱਦਿਆ ਦਿੱਤੀ ਜਾਵੇ ਤਾਂ ਜੋ ਸਿੱਖੀ ਦਾ ਭਵਿੱਖ ਉਜਵਲ ਹੋ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ 'ਚ ਦਸਵੰਧ ਫੰਡ ਖੋਲ੍ਹਿਆ ਜਾਵੇ ਅਤੇ ਨੌਜਵਾਨਾਂ ਦੀ ਸਿੱਖਿਆ 'ਤੇ ਖਰਚ ਕੀਤਾ ਜਾਵੇ ਤਾਂ ਜੋ ਯਹੂਦੀਆਂ ਵਾਂਗ ਸਿੱਖ ਸਮਾਜ ਪੜ੍ਹਿਆ-ਲਿਖਿਆ ਸਮਾਜ ਬਣ ਸਕੇ ਤੇ ਵਿਸ਼ਵ ਭਰ 'ਚ ਸਿੱਖੀ ਦਾ ਪ੍ਰਸਾਰ-ਪ੍ਰਚਾਰ ਕਰ ਸਕੇ। ਪ੍ਰੈੱਸ ਕਾਨਫਰੰਸ ਦੌਰਾਨ ਖਾਲਸਾ ਫਿਲਮ ਪ੍ਰੋਡਕਸ਼ਨ ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਣਾਈ ਫਿਲਮ ਸ਼ੁਕਰਾਨਾ ਵੀ ਰਿਲੀਜ਼ ਕੀਤੀ ਗਈ ਅਤੇ ਇਸ ਮੌਕੇ ਦੋ ਪੁਸਤਕਾਂ 'ਹੂ ਆਰ ਸਿੱਖਸ' ਤੇ 'ਜਗਤ ਜਲੰਦ ਰਖਿ ਲੈ...' ਲੋਕ ਅਰਪਣ ਕੀਤੀਆਂ ਗਈਆਂ।
ਇਸ ਦੌਰਾਨ ਫਿਲਮ 'ਚ ਰੋਲ ਨਿਭਾਉਣ ਵਾਲੀ ਟੀਮ ਨੂੰ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਅਰਵਿੰਦਰ ਸਿੰਘ ਭਾਟੀਆ ਵਲੋਂ ਸਨਮਾਨਿਤ ਵੀ ਕੀਤਾ ਗਿਆ ਜਦਕਿ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਨੇ ਕਿਹਾ ਕਿ ਉਨ੍ਹਾਂ ਦਾ ਧਾਰਮਿਕ ਫਿਲਮ ਬਣਾਉਣ ਦਾ ਮੁੱਖ ਮਕਸਦ ਸਿੱਖ ਨੌਜਵਾਨਾਂ ਨੂੰ ਸਿੱਖ ਸੱਭਿਆਚਾਰ ਨਾਲ ਜੋੜਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਥਾਈਂ ਸ਼ੁਕਰਾਨਾ ਫਿਲਮ ਵੱਖ-ਵੱਖ ਗੁਰੂ ਘਰਾਂ ਤੇ ਸੰਗਤਾਂ ਦੀ ਮੰਗ 'ਤੇ ਫ੍ਰੀ ਦਿਖਾਈ ਜਾਵੇਗੀ। ਉਨ੍ਹਾਂ ਨਗਰ ਕੀਰਤਨ ਦੌਰਾਨ ਸਾਦੇ ਲੰਗਰ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਗਿਆਨ ਖੇਤਰ ਨਾਲ ਜੋੜਨ ਲਈ ਗ੍ਰੰਥੀ ਤੇ ਪ੍ਰਚਾਰਕ ਪੜ੍ਹੇ-ਲਿਖੇ ਬਣਾਉਣੇ ਚਾਹੀਦੇ ਹਨ। ਉਨ੍ਹਾਂ ਨੇ ਸਿੱਖ ਪ੍ਰਚਾਰ 'ਚ ਆਏ ਨਿਘਾਰ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਧਾਰਮਿਕ ਜਥੇਬੰਦੀਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਵਿਰਸੇ ਤੇ ਸਭਿਆਚਾਰ ਤੋਂ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਇੰਗਲੈਂਡ, ਅਮਰੀਕਾ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਕੈਨੇਡਾ ਵਿਚ ਜਲਦ ਹੀ ਰਿਲੀਜ਼ ਕੀਤੀ ਜਾਵੇਗੀ ਅਤੇ ਯੂ-ਟਿਊਬ 'ਤੇ ਵੀ ਅਪਲੋਡ ਹੋ ਚੁੱਕੀ ਹੈ।
ਨਹੀਂ ਰੁੱਕ ਰਿਹਾ ਹਲਕਾ ਬਾਬਾ ਬਕਾਲਾ 'ਚ ਨਾਜਾਇਜ਼ ਮਾਈਨਿੰਗ ਦਾ ਗੋਰਖ ਧੰਦਾ
NEXT STORY