ਮਾਨਸਾ/ਬੁਢਲਾਡਾ (ਸੰਦੀਪ ਮਿੱਤਲ/ਮਨਜੀਤ) : ਕੇਂਦਰ ਸਰਕਾਰ ਨੇ 14 ਫ਼ਸਲਾਂ 'ਤੇ ਐੱਮ. ਐੱਸ. ਪੀ. ਵਧਾ ਕੇ ਕਿਸਾਨੀ ਦੀ ਬਾਂਹ ਫੜ੍ਹੀ ਹੈ ਅਤੇ ਕਿਸਾਨਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕੀਤੇ ਹਨ। ਭਾਜਪਾ ਦੇ ਆਗੂ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ 14 ਫ਼ਸਲਾਂ ਤੇ ਐੱਮ. ਐੱਸ. ਪੀ. ਵਧਾ ਕੇ ਕੇਂਦਰ ਸਰਕਾਰ ਨੇ ਜਿੱਥੇ ਆਪਣਾ ਵਾਅਦਾ ਪੁਗਾਇਆ ਹੈ, ਉੱਥੇ ਕਿਸਾਨਾਂ, ਖੇਤੀ ਦਾ ਫ਼ਿਕਰ ਵੀ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਨਵੀਆਂ-ਨਵੀਆਂ ਨੀਤੀਆਂ ਲੈ ਕੇ ਆ ਰਹੀ ਹੈ। ਕਿਸਾਨਾਂ ਨੂੰ ਪਹਿਲਾਂ ਖ਼ਾਤਿਆਂ 'ਚ ਪੈਸੇ ਭੇਜਣਾ ਅਤੇ ਹੁਣ ਤੀਜੀ ਵਾਰ ਸਰਕਾਰ ਬਣਦਿਆਂ ਹੀ ਐੱਮ. ਐੱਸ. ਪੀ. ਵਧਾ ਕੇ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕੀਤਾ ਅਤੇ ਦੱਸ ਦਿੱਤਾ ਕਿ ਵਿਰੋਧੀ ਪਾਰਟੀਆਂ ਮੋਦੀ ਸਰਕਾਰ 'ਤੇ ਕਿਸਾਨ ਵਿਰੋਧੀ ਹੋਣ ਦੇ ਜੋ ਦੋਸ਼ ਲਗਾ ਰਹੀਆਂ ਹਨ, ਉਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਹਰ ਖਿੱਤੇ ਲਈ ਲਏ ਜਾਣ ਫ਼ੈਸਲੇ ਹਮੇਸ਼ਾ ਮੂੰਹੋਂ ਬੋਲਦੇ ਰਹੇ ਹਨ ਅਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਮੋਦੀ ਕਿੰਨ੍ਹੇ ਕਿਸਾਨ ਹਿਤੈਸ਼ੀ ਹਨ। ਕੇਂਦਰ ਸਰਕਾਰ ਦੇਸ਼ ਦੀ ਕਿਸਾਨੀ ਨੂੰ ਡੁੱਬਣ ਨਹੀਂ ਦੇਵੇਗੀ ਕਿਉਂਕਿ ਕਿਸਾਨੀ ਹੀ ਦੇਸ਼ ਦਾ ਆਰਥਿਕ ਧੁਰਾ ਹੈ ਅਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪਰਮਪਾਲ ਕੌਰ ਨੇ ਕਿਹਾ ਕਿ ਕਿਸਾਨੀ ਪ੍ਰਤੀ ਫ਼ਿਕਰ ਅਤੇ ਸੋਚ ਰੱਖਦਿਆਂ ਹੀ ਮੋਦੀ ਸਰਕਾਰ ਨੇ ਨਵੀਂ ਸਰਕਾਰ ਬਣਦਿਆਂ ਹੀ ਆਪਣੇ ਪਹਿਲੇ ਫ਼ੈਸਲੇ 'ਚ ਫ਼ਸਲਾਂ 'ਤੇ ਐੱਮ. ਐੱਸ. ਪੀ. ਵਧਾਇਆ ਹੈ। ਸੀਨੀਅਰ ਭਾਜਪਾ ਆਗੂ ਅਮਰਜੀਤ ਸਿੰਘ ਕਟੋਦੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਅਤੇ ਖੇਤੀ ਨੂੰ ਲੈ ਕੇ ਫ਼ਿਕਰਮੰਦ ਹੈ, ਜਿਸ ਨੇ ਹਮੇਸ਼ਾ ਹੀ ਕਿਸਾਨੀ ਨੂੰ ਮੂਹਰੇ ਰੱਖ ਕੇ ਫ਼ੈਸਲੇ ਲਏ ਅਤੇ ਕਿਸਾਨੀ ਦਾ ਫ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. ਨੂੰ ਲੈ ਕੇ ਕਿਸਾਨ ਲਗਾਤਾਰ ਮੰਗ ਕਰਦੇ ਆ ਰਹੇ ਹਨ। ਕੇਂਦਰ ਸਰਕਾਰ ਨੇ ਇਹ ਵਾਅਦਾ ਆਪਣੇ ਤੀਜੇ ਪੜਾਅ 'ਚ ਪੂਰਾ ਕਰ ਦਿੱਤਾ ਹੈ। ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਹੋਰ ਵੀ ਮਹੱਤਵਪੂਰਨ ਫ਼ੈਸਲੇ ਲਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਵਿਰੋਧੀ ਪਾਰਟੀਆਂ ਦੇ ਪਿੱਛੇ ਲੱਗ ਕੇ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਹਿੱਤ 'ਚ ਹੈ ਅਤੇ ਸਰਕਾਰ ਨੇ ਕਿਸਾਨੀ ਲਈ ਹੀ ਫ਼ੈਸਲੇ ਲਏ ਹਨ, ਜੋ ਕੋਈ ਹੋਰ ਸਰਕਾਰ ਨਹੀਂ ਲੈ ਸਕਦੀ। ਸੀਨੀਅਰ ਭਾਜਪਾ ਨੇਤਾ ਮਾਨਸਾ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਦਾ ਹਰ ਵਾਅਦਾ ਗਾਰੰਟੀ ਹੈ, ਜੋ ਪੂਰੀ ਹੋਵੇਗੀ ਅਤੇ ਹੌਲੀ-ਹੌਲੀ ਸਰਕਾਰ ਕਿਸਾਨੀ, ਮੁਲਾਜ਼ਮਾਂ ਅਤੇ ਹੋਰ ਮੰਗਾਂ ਨੂੰ ਨੇਪਰੇ ਚਾੜ੍ਹੇਗੀ।
ਉਨ੍ਹਾਂ ਕਿਹਾ ਕਿ ਹਾਲੇ ਸਰਕਾਰ ਦਾ ਤੀਜੇ ਪੜਾਅ ਦਾ ਕੰਮ ਸ਼ੁਰੂ ਹੋਇਆ ਹੈ। ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਦੇ ਕੰਮ ਦੇਖਣ ਵਾਲੇ ਹੋਣਗੇ। ਇਸ ਲਈ ਸਾਨੂੰ ਵਿਰੋਧ ਕਰਨ ਦੀ ਬਜਾਏ ਇਸ ਸਰਕਾਰ ਨੂੰ ਆਸ ਨਾਲ ਦੇਖਣਾ ਚਾਹੀਦਾ ਹੈ। ਉੱਘੇ ਸਮਾਜ ਸੇਵੀ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣਾ ਮੋਦੀ ਸਰਕਾਰ ਦੇ ਮੁੱਢਲੇ ਏਜੰਡਿਆਂ ਵਿੱਚੋਂ ਇੱਕ ਹੈ। ਇਹ ਇੱਕ ਅਜਿਹੀ ਸਰਕਾਰ ਹੈ. ਜਿਸ ਨੇ ਕਿਸਾਨੀ, ਮਜ਼ਦੂਰੀ ਨੂੰ ਮੂਹਰੇ ਰੱਖ ਕੇ ਚੋਣ ਮੈਨੀਫੈਸਟੋ ਬਣਾਏ ਅਤੇ ਨੀਤੀਆਂ ਘੜੀਆਂ। ਇਨ੍ਹਾਂ ਨੀਤੀਆਂ ਤਹਿਤ ਸਾਡਾ ਦੇਸ਼ ਹਰ ਖੇਤਰ 'ਚ ਤਰੱਕੀ ਕਰੇਗਾ। ਆਉਣ ਵਾਲੇ ਸਮੇਂ 'ਚ ਸਿੱਖਿਆ, ਖੇਤੀ, ਰੁਜ਼ਗਾਰ, ਉਦਯੋਗ ਅਤੇ ਤਕਨੀਕ ਪੱਖੋਂ ਸਾਡਾ ਦੇਸ਼ ਦੂਜੇ ਦੇਸ਼ਾਂ ਦੇ ਮੁਕਾਬਲੇ ਮੋਹਰੀ ਹੋਵੇਗਾ। ਭਾਰਤ ਮੋਦੀ ਸਰਕਾਰ ਦੀ ਅਗਵਾਈ 'ਚ ਦੂਜੇ ਦੇਸ਼ਾਂ ਦੇ ਮੁਕਾਬਲੇ ਹਰ ਪੱਖੋਂ ਬਰਾਬਰ ਖੜ੍ਹਾ ਹੈ।
ਪੰਜਾਬ 'ਚ ਗਰਮੀ ਕਾਰਨ ਇਕ ਹੋਰ ਮੌਤ, ਬਜ਼ੁਰਗ ਔਰਤ ਨੇ ਤੋੜਿਆ ਦਮ
NEXT STORY