ਜਲੰਧਰ-ਪੰਜਾਬ ’ਚ ਠੰਡ ਭਾਵੇਂ ਜ਼ੋਰਾਂ ’ਤੇ ਹੈ ਪਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਦੰਗਲ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਇਸ ਦਰਮਿਆਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਕਾਂਗਰਸ ਦੇ ਕਾਦੀਆਂ ਤੋਂ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਰਣਨੀਤੀ ਤੇ ਹੋਰ ਭਖਵੇਂ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਸੰਸਦ ਮੈਂਬਰ ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਇਤਿਹਾਸ ਰਚਦਿਆਂ 75 ਸਾਲਾਂ ’ਚ ਪਹਿਲੀ ਵਾਰ ਅਨੁਸੂਚਿਤ ਜਾਤੀ ਭਾਈਚਾਰੇ ’ਚੋਂ ਮੁੱਖ ਮੰਤਰੀ ਬਣਾਇਆ ਹੈ। ਕਾਂਗਰਸ ਨੇ 100 ਦਿਨਾਂ ’ਚ 100 ਫ਼ੈਸਲੇ ਕੀਤੇ ਤੇ ਕਰੋੜਾਂ ਰੁਪਏ ਦੇ ਗ਼ਰੀਬਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ। ਉਨ੍ਹਾਂ ਕਿਹਾ ਕਿ ਸਿਸਟਮ ਨੂੰ ਬਦਲਣ ਦੀ ਲੋੜ ਹੈ ਤੇ ਪਾਰਟੀ ਦੇ ਚੋਣ ਮੈਨੀਫੈਸਟੋ ’ਚ ਤੁਹਾਨੂੰ ਇਹ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : ਕੈਪਟਨ ਦਾ ਵੱਡਾ ਬਿਆਨ, ਕਿਹਾ-CM ਚੰਨੀ ਸਮੇਤ ਸਾਰੇ ਵੱਡੇ ਆਗੂ ਮਾਈਨਿੰਗ ਮਾਫ਼ੀਆ ’ਚ ਸ਼ਾਮਲ
ਕੈਪਟਨ ਦੇ ਕਾਂਗਰਸ ਮੰਤਰੀਆਂ ਦੇ ਮਾਈਨਿੰਗ ਮਾਫ਼ੀਆ ’ਚ ਸ਼ਾਮਲ ਹੋਣ ਦੇ ਬਿਆਨ ’ਤੇ ਬਾਜਵਾ ਨੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ’ਚ ਜਦੋਂ ਇਹ ਕੰਮ ਚਲਦੇ ਸਨ, ਉਨ੍ਹਾਂ ਨੇ ਉਦੋਂ ਆਪਣੇ ਮੰਤਰੀਆਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ। ਜੇ ਉਹ ਖ਼ੁਦ ਕਾਰਵਾਈ ਨਹੀਂ ਕਰ ਸਕਦੇ ਸਨ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਲਿਖ ਕੇ ਕਾਰਵਾਈ ਕਰਵਾ ਸਕਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਹੁਣ ਸਟੈਂਡਲੈੱਸ ਹੋ ਗਿਆ ਹੈ ਤੇ ਉਨ੍ਹਾਂ ਦਾ ਹਾਲ ਤਾਂ ਦੋਧੀਆਂ ਦੇ ਮੋਟਰਸਾਈਕਲ ਵਾਲਾ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਗੁੱਡਵਿਲ ਬਣਾਈ ਸੀ, ਉਹ ਭਾਜਪਾ ਨਾਲ ਜਾ ਕੇ ਜ਼ੀਰੋ ਕਰ ਲਈ ਹੈ।
ਇਹ ਵੀ ਪੜ੍ਹੋ : ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰ ਐਲਾਨੇ
ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ’ਚੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਮਿਲਣਾ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ’ਤੇ ਈ. ਡੀ. ਰੇਡ ਨੂੰ ਲੈ ਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਏਜੰਸੀਆਂ ਕੀ ਨਹੀਂ ਕਰ ਸਕਦੀਆਂ, ਐਨਕਾਊਂਟਰ ’ਚ ਮੌਤਾਂ ਦਿਖਾ ਦਿੱਤੀਆਂ ਜਾਂਦੀਆਂ ਹਨ ਤੇ ਲੋਕ ਜਿਊਂਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਏਜੰਸੀਆਂ ਕੁਝ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੈ। ਜੇ ਇਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਤਾਂ ਛਾਪੇਮਾਰੀ ਕਿਉਂ ਨਹੀਂ ਕੀਤੀ ਗਈ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 680 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, 5 ਦੀ ਮੌਤ
NEXT STORY