ਚੰਡੀਗੜ੍ਹ/ਜਲੰਧਰ,(ਅਸ਼ਵਨੀ,ਧਵਨ) : ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਿਅਕਤੀਗਤ ਸਿਆਸੀ ਹਮਲਾ ਕਰਨ ਅਤੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੇ ਈ. ਡੀ. ਤੋਂ ਕਰਵਾਉਣ ਲਈ ਰਾਜਪਾਲ ਨੂੰ ਪੱਤਰ ਦੇਣਾ ਮਹਿੰਗਾ ਪਿਆ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਰਾਜਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਪੁਲਸ ਸੁਰੱਖਿਆ ਵਾਪਸ ਲੈ ਲਈ ਹੈ। ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਸ ਦੇ 6 ਕਰਮਚਾਰੀ ਅਤੇ ਚਾਲਕ ਸਮੇਤ ਇਕ ਐਸਕਾਰਟ ਨੂੰ ਵਾਪਸ ਲੈ ਲਿਆ ਹੈ। ਸਰਕਾਰ ਦਾ ਤਰਕ ਹੈ ਕਿ ਇਹ ਫੈਸਲਾ ਕੇਂਦਰੀ ਸੁਰੱਖਿਆ ਲੈ ਰਹੇ ਬਾਜਵਾ ਦੀ ਜਾਨ ਨੂੰ ਕਿਸੇ ਵੀ ਕਿਸਮ ਦਾ ਕੋਈ ਖਤਰਾ ਨਾ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੀ ਪੁਲਸ ਵਲੋਂ ਬਾਜਵਾ ਨੂੰ ਦਿੱਤੀ ਗਈ ਸੁਰੱਖਿਆ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿਉਂਕਿ ਉਨ੍ਹਾਂ ਨੇ ਸਿੱਧਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੇਂਦਰੀ ਸੁਰੱਖਿਆ ਹਾਸਲ ਕਰ ਲਈ ਸੀ। ਅਜਿਹੀ ਸਥਿਤੀ 'ਚ ਦੋਹਰੀ ਸੁਰੱਖਿਆ ਵਿਵਸਥਾ ਨੂੰ ਕਾਰਗਰ ਨਹੀਂ ਮੰਨਿਆ ਜਾ ਸਕਦਾ, ਵਿਸ਼ੇਸ਼ ਰੂਪ ਨਾਲ ਉਦੋਂ ਜਦ ਰਾਜਸਭਾ ਮੈਂਬਰ ਨੇ ਸੂਬੇ ਦੀ ਪੁਲਸ 'ਤੇ ਕੋਈ ਭਰੋਸਾ ਨਾ ਦਿਖਾਉਂਦੇ ਹੋਏ ਕੇਂਦਰੀ ਸੁਰੱਖਿਆ ਪ੍ਰਾਪਤ ਕਰਨਾ ਮੁਨਾਸਿਬ ਸਮਝਿਆ ਹੋਵੇ।
ਸੂਬਾ ਸਰਕਾਰ ਨਾਲ ਵਿਚਾਰ-ਵਟਾਂਦਰਾ ਕੀਤੇ ਬਿਨਾਂ ਕੇਂਦਰੀ ਸੁਰੱਖਿਆ ਨਿਯਮਾਂ ਦੇ ਉਲਟ
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਜਵਾ ਨੂੰ ਰਾਜ ਸਭਾ ਸੰਸਦ ਮੈਂਬਰ ਹੋਣ ਦੇ ਨਾਤੇ ਆਮ ਤੌਰ 'ਤੇ ਹਾਊਸ 'ਚ ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਨਾਲ ਕੇਂਦਰੀ ਸੁਰੱਖਿਆ ਦੇ ਲਈ ਸੰਪਰਕ ਕਰਨਾ ਚਾਹੀਦਾ ਸੀ ਤਾਂ ਜੋ ਉਨ੍ਹਾਂ ਦੀ ਅਪੀਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜਿਆ ਜਾਂਦਾ ਪਰ ਕੁੱਝ ਕਾਰਣਾਂ ਕਰਕੇ ਗ੍ਰਹਿ ਮੰਤਰਾਲੇ ਨੇ ਬਾਜਵਾ ਦੀ ਜਾਨ ਨੂੰ ਖਤਰੇ ਨੂੰ ਲੈ ਕੇ ਸੂਬਾ ਸਰਕਾਰ ਦੇ ਨਾਲ ਵਿਚਾਰ ਨਹੀਂ ਕੀਤਾ ਜੋ ਅਜਿਹੇ ਮਾਮਲੇ 'ਚ ਨਿਯਮਾਂ ਦੇ ਉਲਟ ਹੈ।
ਬਾਜਵਾ ਕੋਲ ਜ਼ੈੱਡ ਸ਼੍ਰੇਣੀ ਸੁੱਰਖਿਆ
ਬਾਜਵਾ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ 19 ਮਾਰਚ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਉਪਲੱਬਧ ਕਰਵਾਈ ਅਤੇ ਇਸ ਮੌਕੇ ਉਨ੍ਹਾਂ ਕੋਲ ਵਿਅਕਤੀਗਤ ਸੁਰੱਖਿਆ ਦੇ ਲਈ ਸੀ. ਆਈ. ਐਸ. ਐਫ. ਦੇ 25 ਜਵਾਨ, ਹਾਊਸ ਸੁਰੱਖਿਆ ਤੇ ਐਸਕਾਰਟ ਤੋਂ ਇਲਾਵਾ 2 ਐਸਕਾਰਟ ਡਰਾਈਵਰ ਹਨ। 23 ਮਾਰਚ ਤਕ ਉਨ੍ਹਾਂ ਨਾਲ ਪੰਜਾਬ ਪੁਲਸ ਦੇ 14 ਜਵਾਨ ਕੰਮ ਕਰ ਰਹੇ ਸਨ, ਜਿਸ 'ਚ ਕੁੱਝ ਨੂੰ ਕੋਵਿਡ ਸੁਰੱਖਿਆ ਦੇ ਲਈ ਵਾਪਸ ਲਿਆ ਗਿਆ ਸੀ। ਇਸ ਮੌਕੇ ਉਨ੍ਹਾਂ ਕੋਲ ਪੰਜਾਬ ਪੁਲਸ ਦੇ 6 ਜਵਾਨ, ਇਕ ਐਸਕਾਰਟ ਡਰਾਈਵਰ ਨਾਲ ਮੌਜੂਦ ਹੈ, ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 314 ਨਵੇਂ ਮਾਮਲਿਆਂ ਦੀ ਪੁਸ਼ਟੀ, 12 ਮਰੀਜ਼ਾਂ ਦੀ ਮੌਤ
NEXT STORY