ਸਮਾਣਾ (ਅਸ਼ੋਕ) : ਪਾਸਪੋਰਟ ਦਫ਼ਤਰ ਚੰਡੀਗੜ੍ਹ ’ਚ ਚੱਲ ਰਹੀ ਰਿਸ਼ਵਤਖੋਰੀ ਨਾਲ ਕੋਈ ਵੀ ਨਾ ਹੋਣ ਵਾਲਾ ਕੰਮ ਦਲਾਲਾਂ ਰਾਹੀਂ ਆਸਾਨੀ ਨਾ ਕਰਵਾਇਆ ਜਾ ਸਕਦਾ ਹੈ। ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਲਈ ਤਕਰੀਬਨ 5 ਤੋਂ 6 ਮਹੀਨੇ ਬਾਅਦ ਹੀ ਤਾਰੀਖ਼ ਮਿਲ ਰਹੀ ਹੈ ਪਰ ਦਲਾਲਾਂ ਕਰਕੇ ਸਿਰਫ 6 ਮਹੀਨੇ ਵਾਲੀ ਤਾਰੀਖ਼ 2-3 ਦਿਨ ਬਾਅਦ ਦੀ ਮਿਲ ਜਾਂਦੀ ਹੈ। ਇਸ ਲਈ ਮੋਟੀ ਫੀਸ ਦੇਣੀ ਪੈਂਦੀ ਹੈ, ਜੋ ਕਿ ਅੰਦਰ ਬਾਬੂਆਂ ਦੀ ਉੱਪਰੀ ਕਮਾਈ ਦਾ ਵਧੀਆ ਸਰੋਤ ਬਣੀ ਹੋਈ ਹੈ। ਦਲਾਲਾਂ ਨੂੰ ਦਿੱਤੀ ਗਈ ਫੀਸ ਤੋਂ ਬਿਨਾਂ ਭਾਵੇਂ ਕੋਈ ਐਮਰਜੈਂਸੀ ਪਾਸਪੋਰਟ ਬਣਵਾਉਣਾ ਹੋ, ਰੀਨਿਊ ਕਰਵਾਉਣਾ ਹੋਵੇ ਇਹ ਸੰਭਵ ਨਹੀਂ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਾਸਪੋਰਟ ਆਦਿ ਬਣਵਾਉਣ ਅਤੇ ਰੀਨਿਊ ਕਰਵਾਉਣ ਲਈ 5 ਤੋਂ 6 ਮਹੀਨੇ ਦੀ ਆਨਲਾਈਨ ਤਾਰੀਖ਼ ਮਿਲ ਰਹੀ ਹੈ। ਆਨਲਾਈਨ ਤਾਰੀਖ਼ ਲੈਣ ਤੋਂ ਬਾਅਦ ਜੇਕਰ ਤੁਹਾਨੂੰ ਐਮਰਜੈਂਸੀ ਹੈ ਜਾਂ ਜਲਦੀ ਪਾਸਪੋਰਟ ਬਣਵਾਉਣਾ ਹੈ ਤਾਂ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਹਰੇਕ ਸ਼ਹਿਰ ’ਚ ਦਲਾਲ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਲੈ ਕੇ ਉਹੀ 6 ਮਹੀਨੇ ਵਾਲੀ ਆਨਲਾਈਨ ਤਾਰੀਖ਼ ਤੋਂ ਸਿਰਫ 2 ਜਾਂ ਤਿੰਨ ਦਿਨਾਂ ਦੀ ਲੈ ਕੇ ਦੇਣ ਦਾ ਕੰਮ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਬਾਬੂਆਂ ਦੀ ਮਿਲੀਭੁਗਤ ਕਾਰਨ ਖੁੱਲ੍ਹੇਆਮ ਹੋ ਰਿਹਾ ਹੈ। ਜੇਕਰ ਤੁਹਾਡੇ ਕਾਗਜ਼ਾਂ ’ਚ ਕਮੀ ਹੈ ਤਾਂ ਇਹ ਦਲਾਲ ਉਹ ਕੰਮ ਵੀ ਬਾਬੂਆਂ ਦੀ ਮਿਲੀਭੁਗਤ ਨਾਲ ਦੂਰ ਕਰਵਾ ਕੇ ਪਾਸਪੋਰਟ ਬਣਵਾਉਣ ਦਾ ਦਾਅਵਾ ਕਰਦੇ ਹਨ।
ਮਾਮਲਾ ਅੰਤਰਰਾਸ਼ਟਰੀ ਪੱਧਰ ਨਾਲ ਜੁੜਿਆ ਹੋਣ ਕਾਰਨ ਦੇਸ਼ ਦੀ ਸੁਰੱਖਿਆ ’ਚ ਵੀ ਸਿੱਧੇ ਤੌਰ ’ਤੇ ਸੰਨ੍ਹ ਲਾਉਣ ਦਾ ਕੰਮ ਇਹ ਦਲਾਲ ਅਤੇ ਬਾਬੂ ਕਰ ਰਹੇ ਹਨ ਕਿਉਂਕਿ ਇਸ ਦਾ ਮਤਲਬ ਹੈ ਕਿ ਪੈਸੇ ਦੇ ਕੇ ਕੋਈ ਵੀ ਆਸਾਨੀ ਨਾਲ ਪਾਸਪੋਰਟ ਬਣਵਾ ਸਕਦਾ ਹੈ। ਜੇਕਰ ਤੁਹਾਨੂੰ ਵਿਦੇਸ਼ ਜਾਣ ਦੀ ਕੋਈ ਐਮਰਜੈਂਸੀ ਆ ਪਈ ਹੈ ਤਾਂ ਤੁਸੀਂ ਆਨਲਾਈਨ ਦੀ 6 ਮਹੀਨੇ ਵਾਲੀ ਤਾਰੀਖ਼ ਦਾ ਫਾਰਮ ਲੈ ਕੇ ਪਾਸਪੋਰਟ ਆਰ. ਪੀ. ਓ. ਜਾਂ ਕਿਸੇ ਹੋਰ ਅਧਿਕਾਰੀ ਤੋਂ ਫਰਿਆਦ ਕਰਨ ਜਾਂਦੇ ਹੋ ਤਾਂ ਉਹ ਤੁਹਾਡੀ ਕੋਈ ਵੀ ਫਰਿਆਦ ਨਹੀਂ ਸੁਣੀ ਜਾਵੇਗੀ। ਜਾਣਕਾਰ ਸੂਤਰਾਂ ਦੀ ਮੰਨੀ ਜਾਵੇ ਤਾਂ ਉਥੇ ਤਾਇਨਾਤ ਇਕ ਮਹਿਲਾ ਅਧਿਕਾਰੀ ਦੁਪਹਿਰ 12 ਵਜੇ ਆਪਣੇ ਦਫ਼ਤਰ ਪਹੁੰਚ ਕੇ ਸਿਰ ਵੀ. ਵੀ. ਆਈ. ਪੀ. ਲੋਕਾਂ ਨਾਲ ਮਿਲ ਕੇ ਉਨ੍ਹਾਂ ਲਈ ਜਲਦੀ ਪਾਸਪੋਰਟ ਬਣਵਾਉਣ ਦੇ ਕੰਮ ਦੀ ਹਾਮੀ ਭਰਦੀ ਹੈ। ਹੁਣ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਸ ਦੇ ਇਕ ਬਹੁਤ ਵੱਡੇ ਅਫਸਰ ਅਤੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਅਤੇ ਦਰਜਨਾਂ ਪਾਸਪੋਰਟ ਸਿਰਫ ਕੁਝ ਹੀ ਦਿਨ ’ਚ ਬਣਾ ਕੇ ਦਿੱਤੇ ਗਏ, ਜਦੋਂ ਕਿ ਉਨ੍ਹਾਂ ਦੀ ਆਨਲਾਈਨ ਤਾਰੀਖ਼ ਕਈ ਮਹੀਨੇ ਬਾਅਦ ਦੀ ਸੀ।
ਲੋਕਾਂ ਨੇ ਦੱਸਿਆ ਕਿ ਮਹਿਲਾ ਅਧਿਕਾਰੀ ਦਾ ਪਤੀ ਹਰਿਆਣਾ ਦੇ ਇਕ ਉੱਚੇ ਅਹੁਦੇ ’ਤੇ ਬਿਰਾਜਮਾਨ ਹੋਣ ਕਾਰਨ ਮਹਿਲਾ ਨੂੰ ਇੰਨਾ ਘਮੰਡ ਹੈ ਕਿ ਪਾਸਪੋਰਟ ਆਦਿ ਸਬੰਧੀ ਸ਼ਿਕਾਇਤ ਲੈ ਕੇ ਆਏ ਲੋਕਾਂ ਨੂੰ ਡਰਾ-ਧਮਕਾ ਕੇ ਭਜਾ ਦਿੱਤਾ ਜਾਂਦਾ ਹੈ। ਇਥੇ ਵਰਨਣਸੋਗ ਹੈ ਕਿ ਪਿਛਲੇ ਕੁਝ ਮਾਮਲਿਆਂ ’ਚ ਭਾਰਤ ’ਚੋਂ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਨਕਲੀ ਪਾਸਪੋਰਟ ਰਾਹੀਂ ਵਿਦੇਸ਼ ਭੱਜਣ ’ਚ ਸਫਲ ਹੋਏ ਹਨ, ਜੋ ਕਿ ਅੱਜ ਵੀ ਦੇਸ਼ ਲਈ ਖਤਰਾ ਬਣੇ ਹੋਏ ਹਨ। ਲੋਕਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਪਾਸਪੋਰਟ ਦਫ਼ਤਰ ਚੰਡੀਗੜ੍ਹ ’ਚ ਹੋ ਰਹੀਆਂ ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਉਕਤ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਜੋ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਵੱਲੋਂ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਆਰ. ਪੀ. ਓ. ਦੇ ਲੈਂਡਲਾਈਨ ਨੰਬਰ ’ਤੇ ਕਈ ਦਿਨਾਂ ਤੋਂ ਵਾਰ-ਵਾਰ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਥਾਣਾ ਇੰਚਾਰਜ ਨੂੰ ਠੋਕਿਆ 10 ਹਜ਼ਾਰ ਜੁਰਮਾਨਾ, ਜਾਣੋ ਪੂਰਾ ਮਾਮਲਾ
NEXT STORY