ਬਠਿੰਡਾ(ਜ. ਬ.)-ਬੀਤੇ ਦਿਨ ਹਰਿਆਣਾ ਦੇ ਖੇਤਾਂ 'ਚੋਂ ਮਿਲੇ 256 ਪਾਸਪੋਰਟਾਂ ਦਾ ਬਠਿੰਡਾ ਨਾਲ ਕੋਈ ਸਬੰਧ ਨਹੀਂ ਹੈ। ਸ਼ੱਕ ਹੋਇਆ ਸੀ ਕਿ ਇਹ ਉਹੀ ਪਾਸਪੋਰਟ ਹਨ ਜੋ ਬਠਿੰਡਾ 'ਚੋਂ ਗਾਇਬ ਹੋਏ ਸਨ। ਸੂਤਰਾਂ ਮੁਤਾਬਕ ਪਾਸਪੋਰਟਾਂ ਦਾ ਸਬੰਧ ਲੁਧਿਆਣਾ ਪਾਸਪੋਰਟ ਦਫ਼ਤਰ ਨਾਲ ਹੈ। ਜਾਣਕਾਰੀ ਮੁਤਾਬਕ ਫਰਵਰੀ 2018 ਦੌਰਾਨ ਪਾਸਪੋਰਟ ਦਫ਼ਤਰ ਬਠਿੰਡਾ ਦੇ ਨਵੇਂ 257 ਪਾਸਪੋਰਟ ਚੰਡੀਗੜ੍ਹੋਂ ਆਏ ਸਨ। ਇਹ ਬਠਿੰਡਾ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋ ਗਏ। ਥਾਣਾ ਸਿਵਲ ਲਾਈਨਜ਼ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਵੀ ਦਰਜ ਕੀਤਾ। ਇਸ ਬਾਰੇ ਕੋਈ ਸੁਰਾਗ ਨਾ ਮਿਲ ਸਕਿਆ। ਹੁਣ ਦੋ ਦਿਨ ਪਹਿਲਾਂ ਹਰਿਆਣਾ ਦੇ ਪਿੰਡ ਲੱਕੜਾਂਵਾਲੀ ਦੇ ਖੇਤਾਂ 'ਚੋਂ ਭਾਰੀ ਮਾਤਰਾ 'ਚ ਪਾਸਪੋਰਟ ਅਤੇ ਆਧਾਰ ਕਾਰਡ ਖਿੱਲਰੇ ਮਿਲੇ। ਆਧਾਰ ਕਾਰਡ 'ਤੇ ਪੰਜਾਬੀ ਲਿਖੀ ਹੋਈ ਸੀ। ਇਸ ਤੋਂ ਪਤਾ ਲੱਗਾ ਕਿ ਪਾਸਪੋਰਟ ਪੰਜਾਬ ਦੇ ਹਨ। ਸ਼ੱਕ ਹੋਇਆ ਕਿ ਇਹ ਉਹੀ ਪਾਸਪੋਰਟ ਹਨ ਜੋ ਇਕ ਮਹੀਨਾ ਪਹਿਲਾਂ ਬਠਿੰਡਾ ਤੋਂ ਗਾਇਬ ਹੋਏ ਸਨ। ਗੁੰਮ ਹੋਏ ਪਾਸਪੋਰਟਾਂ ਤੇ ਮਿਲੇ ਪਾਸਪੋਰਟਾਂ ਦੀ ਗਿਣਤੀ ਬਰਾਬਰ ਹੋਣਾ ਭਾਵੇਂ ਇਤਫਾਕ ਹੈ, ਪਰ ਇਹ ਸ਼ੱਕ ਹੋਣਾ ਸੁਭਾਵਿਕ ਸੀ। ਇਸ ਲਈ ਥਾਣਾ ਸਿਵਲ ਲਾਈਨਜ਼ ਬਠਿੰਡਾ ਦੀ ਇਕ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸੂਤਰਾਂ ਮੁਤਾਬਕ ਇਹ ਪਾਸਪੋਰਟ ਬਠਿੰਡਾ ਨਾਲ ਨਹੀਂ, ਸਗੋਂ ਲੁਧਿਆਣਾ ਦਫ਼ਤਰ ਨਾਲ ਸਬੰਧਤ ਹਨ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਕੋਲ ਬਠਿੰਡਾ ਤੋਂ ਗਾਇਬ ਹੋਏ ਪਾਸਪੋਰਟਾਂ ਦੀ ਸੂਚੀ ਸੀ, ਜਿਸ ਨੂੰ ਲੱਕੜਾਂਵਾਲੀ ਪਿੰਡ 'ਚੋਂ ਮਿਲੇ ਪਾਸਪੋਰਟਾਂ ਦੀ ਸੂਚੀ ਨਾਲ ਮਿਲਾਇਆ ਗਿਆ ਪ੍ਰੰਤੂ ਇਹ ਦੋਵੇਂ ਸੂਚੀਆਂ ਮੇਲ ਨਹੀਂ ਖਾ ਰਹੀਆਂ। ਇਸ ਤੋਂ ਸਪੱਸ਼ਟ ਹੈ ਕਿ ਉਕਤ ਪਾਸਪੋਰਟਾਂ ਦਾ ਸਬੰਧ ਬਠਿੰਡਾ ਨਾਲ ਨਹੀਂ ਹੈ। ਉਕਤ ਪਾਸਪੋਰਟਾਂ 'ਚ ਕੁਝ ਪਾਸਪੋਰਟ ਲੁਧਿਆਣਾ ਜਾਂ ਆਸਪਾਸ ਖੇਤਰ ਦੇ ਪਤੇ ਦੇ ਹਨ, ਜਿਸ ਤੋਂ ਜਾਪ ਰਿਹਾ ਹੈ ਕਿ ਇਹ ਪਾਸਪੋਰਟ ਲੁਧਿਆਣਾ ਨਾਲ ਸਬੰਧਤ ਹਨ।ਥਾਣਾ ਮੁਖੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਾਸਪੋਰਟ ਚੈੱਕ ਕਰਨ ਗਈ ਸੀ ਪਰ ਇਨ੍ਹਾਂ ਦਾ ਸਬੰਧ ਬਠਿੰਡਾ ਨਾਲ ਨਹੀਂ ਜਾਪ ਰਿਹਾ। ਇਸ ਸਬੰਧੀ ਇਕ ਰਿਪੋਰਟ ਪਾਸਪੋਰਟ ਵਿਭਾਗ ਨੂੰ ਭੇਜੀ ਗਈ ਹੈ ਤਾਂ ਕਿ ਉਹ ਅਗਲੀ ਕਾਰਵਾਈ ਕਰ ਸਕਣ।
ਸੜਕਾਂ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ਿਆਂ ਕਾਰਨ ਹਾਦਸਿਆਂ 'ਚ ਹੋਇਆ ਵਾਧਾ
NEXT STORY