ਜਲੰਧਰ (ਚਾਵਲਾ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਜਰਾਤ ਵਿਚੋਂ ਰਾਜ ਸਭਾ ਦੀ ਚੋਣ ਜਿੱਤ ਕੇ ਪਾਰਲੀਮੈਂਟ ਵਿਚ ਇਕ ਵਾਰੀ ਫਿਰ ਪੁੱਜੇ ਅਹਿਮਦ ਪਟੇਲ ਨੂੰ ਉਨ੍ਹਾਂ ਦੇ ਨਿਵਾਸ 'ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਸਿਆਸੀ ਤਿਕੜਮਬਾਜ਼ੀਆਂ ਉਸ ਵੇਲੇ ਫੇਲ ਹੋ ਗਈਆਂ, ਜਦੋਂ ਗੁਜਰਾਤ ਤੇ ਦੇਸ਼ ਦੀ ਹਾਕਮ ਧਿਰ ਦੇ ਉਮੀਦਵਾਰ ਨੂੰ ਕਾਂਗਰਸੀ ਆਗੂ ਅਹਿਮਦ ਪਟੇਲ ਨੇ ਧੂਲ ਚਟਾ ਕੇ ਛੇਵੀਂ ਵਾਰ ਰਾਜ ਸਭਾ ਦੀ ਸੀਟ ਜਿੱਤ ਲਈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਨੂੰ ਹੂੰਝਾ ਫੇਰਿਆ ਤੇ ਫਿਰ ਹੁਣ ਭਾਜਪਾ ਦੇ ਗੜ੍ਹ ਵਾਲੇ ਸੂਬੇ ਗੁਜਰਾਤ ਵਿਚ ਅਹਿਮਦ ਪਟੇਲ ਨੇ ਭਾਜਪਾ ਨੂੰ ਹਰਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੀ ਸਰਕਾਰ ਕੇਂਦਰ ਤੇ ਗੁਜਰਾਤ ਵਿਚ ਕਾਂਗਰਸ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਹੋਈ ਜਿੱਤ ਕਾਂਗਰਸ ਲਈ ਸੱਤਾ ਦਾ 'ਗੇਟ ਆਫ ਇੰਡੀਆ' ਸਾਬਤ ਹੋਈ ਤੇ ਪਟੇਲ ਦੀ ਜਿੱਤ ਨੇ ਉਸ 'ਤੇ ਮੋਹਰ ਲਾ ਦਿੱਤੀ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਤੇ ਸਕੱਤਰ ਮਨਜੀਤ ਸਿੰਘ ਸਰਨਾ ਵੀ ਨਾਲ ਸਨ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY