ਪਠਾਨਕੋਟ (ਧਰਮਿੰਦਰ ਠਾਕੁਰ, ਸ਼ਾਰਦਾ) : ਪਿਛਲੇ 2 ਦਹਾਕਿਆਂ ਤੋਂ ਰਾਸ਼ਟਰੀ ਮਹੱਤਤਾ ਵਾਲੇ ਰਣਜੀਤ ਸਾਗਰ ਡੈਮ ਦੇ ਸਿਸਟਰ ਕਨਸਰਨ ਪ੍ਰਾਜੈਕਟ ਸ਼ਾਹਪੁਰ ਕੰਡੀ ਡੈਮ (ਬੈਰਾਜ ਪ੍ਰਾਜੈਕਟ) ਦੇ ਪਿਛਲੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਦੀ ਉਸਾਰੀ ਮੁੜ ਸ਼ੁਰੂ ਕਰਨ ਦਾ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਸਮੀ ਤੌਰ 'ਤੇ ਨੀਂਹ ਪੱਥਰ ਅੱਜ ਇਥੇ ਰੱਖਿਆ। 2700 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਨਿਰਮਾਣ ਲਈ 2200 ਕਰੋੜ ਰੁਪਏ ਪੰਜਾਬ ਸਰਕਾਰ ਆਪਣੇ ਹਿੱਸੇ 'ਚੋਂ ਦੇਵੇਗੀ ਤੇ ਬਾਕੀ ਹਿੱਸਾ ਕੇਂਦਰ ਸਰਕਾਰ ਵਲੋਂ ਖਰਚ ਕੀਤਾ ਜਾਵੇਗਾ। ਇਸ ਦੌਰਾਨ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਪ੍ਰੋਜੈਕਟ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਵੀ ਰੋਕੇਗਾ ਤੇ ਪੰਜਾਬ ਦੇ ਵਿਕਾਸ ਤੇ ਬਿਜਲੀ ਉਤਪਾਦਨ 'ਚ ਅਹਿਮ ਯੋਗਦਾਨ ਪਾਵੇਗਾ।
ਇਸ ਤੋਂ ਬਾਅਦ ਇਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ 2 ਦਹਾਕੇ ਪਹਿਲਾਂ ਜਦੋਂ ਰਣਜੀਤ ਸਾਗਰ ਡੈਮ ਬਣਿਆ ਸੀ, ਤਾਂ ਉਦੋਂ ਤੋਂ ਹੀ ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦੀ ਉਸਾਰੀ ਦੀ ਕਵਾਇਦ ਸ਼ੁਰੂ ਹੋ ਚੁੱਕੀ ਸੀ। ਪਿਛਲੇ ਦਿਨੀਂ ਪੰਜਾਬ ਅਤੇ ਜੰਮੂ-ਕਸ਼ਮੀਰ ਸੂਬਿਆਂ ਦੀਆਂ ਸਰਕਾਰਾਂ ਦੇ ਦਾਅ-ਪੇਚ ਕਾਰਨ ਇਹ ਪ੍ਰੋਜੈਕਟ ਅੱਧ 'ਚ ਲਟਕ ਗਿਆ। ਕਾਂਗਰਸ ਸਰਕਾਰ ਨੇ ਸੂਬੇ 'ਚ ਸੱਤਾ 'ਚ ਆਉਂਦੇ ਹੀ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ। ਇਸ ਪ੍ਰੋਜੈਕਟ ਨੂੰ ਜੰਗੀ ਪੱਧਰ 'ਤੇ ਸੂਬਾ ਸਰਕਾਰ ਸ਼ੁਰੂ ਕਰ ਕੇ ਪੂਰਾ ਕਰੇਗੀ ਅਤੇ ਜਿੱਥੇ ਇਸ ਦੇ ਚਾਲੂ ਹੋਣ ਦੇ ਬਾਅਦ 206 ਮੈਗਾਵਾਟ ਬਿਜਲੀ ਉਤਪਾਦਨ ਹੋ ਸਕੇਗਾ, ਉਥੇ ਹੀ ਇਸ ਡੈਮ ਦੀ ਝੀਲ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਸੂਬੇ ਦੀ ਖੇਤੀ ਦੀ ਸਿੰਚਾਈ ਹੋ ਸਕੇਗੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰ ਕੇ ਦਿਖਾਇਆ ਹੈ। ਜਾਖੜ ਨੇ ਕਿਹਾ ਕਿ ਅੱਜ ਜੋ ਸ਼ਾਹਪੁਰਕੰਡੀ ਪ੍ਰੋਜੈਕਟ ਦੁਬਾਰਾ ਸ਼ੁਰੂ ਹੋਇਆ ਹੈ, ਇਸ ਦਾ ਨਿਰਮਾਣ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਦੂਰਦਰਸ਼ਿਤਾ ਦੇ ਕਾਰਨ ਇਹ ਪ੍ਰੋਜੈਕਟ ਸਿਰੇ ਨਹੀਂ ਚੜ ਪਾਇਆ।
ਮੁੱਖ ਮੰਤਰੀ ਕੋਲੋਂ ਇਹ ਮਿਲੀਆਂ ਸੌਗਾਤਾਂ
- ਧਾਰ ਬਲਾਕ 'ਚ 60 ਕਿਲੋਮੀਟਰ ਸੜਕਾਂ ਦੀ ਉਸਾਰੀ ਦੇ ਕੰਮ ਦਾ ਐਲਾਨ।
- ਸੁਜਾਨਪੁਰ 'ਚ ਸੀਵਰੇਜ ਦੀ ਵਿਵਸਥਾ ਕਰਵਾਈ ਜਾਵੇਗੀ।
- ਮੁਕਤੇਸ਼ਵਰ ਧਾਮ ਨੂੰ ਬਚਾਉਣ ਦਾ ਕੀਤਾ ਪ੍ਰਬੰਧ।
- ਸ਼ਾਹਪੁਰਕੰਡੀ ਤੋਂ ਧਾਰ ਬਲਾਕ ਤੱਕ ਬਣੇ ਅੰਤਰਰਾਸ਼ਟਰੀ ਟੂਰਿਜ਼ਮ ਹੱਬ।
ਤਿੰਨ ਵਾਰ ਰੱਖਿਆ ਗਿਆ ਨੀਂਹ ਪੱਥਰ, 10 ਵਾਰ ਸ਼ੁਰੂ ਕਰਵਾਇਆ ਗਿਆ ਕੰਮ
ਇਸ ਬੈਰਾਜ ਪ੍ਰੋਜੈਕਟ ਦਾ ਨੀਂਹ ਪੱਥਰ ਸ਼ੁੱਕਰਵਾਰ ਨੂੰ ਤੀਜੀ ਵਾਰ ਰੱਖਿਆ ਗਿਆ। ਸਭ ਤੋਂ ਪਹਿਲਾਂ 20 ਅਪ੍ਰੈਲ 1995 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਵ ਨੇ ਰੱਖਿਆ ਸੀ। ਇਸ ਤੋਂ ਬਾਅਦ 11 ਨਵੰਬਰ 1995 ਨੂੰ ਕੈਬਨਿਟ ਮੰਤਰੀ ਸਤਪਾਲ ਸੈਣੀ ਨੇ ਰੱਖਿਆ ਸੀ। ਬਾਅਦ 'ਚ ਲੱਗਭਗ ਦਸ ਵਾਰ ਵੱਖ-ਵੱਖ ਲੋਕਾਂ ਵਲੋਂ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਪਰ ਕਦੇ ਫੰਡ ਦੀ ਕਮੀ ਤੇ ਕਦੇ ਹੋਰ ਸਮੱਸਿਆਵਾਂ ਤੇ
ਵਿਵਾਦਾਂ ਕਾਰਨ ਕੰਮ ਰੁਕ ਗਿਆ। 2014 ਤੋਂ ਕੰਮ ਪੂਰੀ ਤਰ੍ਹਾਂ ਠੱਪ ਪਿਆ ਸੀ।
ਅਗਲੇ ਹਫਤੇ ਪੱਤੇ ਖੋਲ੍ਹੇਗੀ ਕਾਂਗਰਸ, ਜਾਖੜ ਫਾਈਨਲ, ਬਾਗੀਆਂ ਨੂੰ ਤਾੜਨਾ
NEXT STORY