ਪਟਿਆਲਾ/ਪਾਤੜਾਂ (ਸੁਖਦੀਪ ਸਿੰਘ ਮਾਨ) : ਪਟਿਆਲਾ ਜ਼ਿਲ੍ਹੇ ਦੀ ਨੌਜਵਾਨ ਪ੍ਰਤਿਭਾ ਪ੍ਰਿਯੰਸ਼ੀ ਨੇ ਆਪਣੇ ਅਦਭੁੱਤ ਅਕਾਦਮਿਕ ਕਾਬਲੀਅਤ ਅਤੇ ਦ੍ਰਿੜ੍ਹ ਮਿਹਨਤ ਦੇ ਆਧਾਰ 'ਤੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਸਨੇ ਹਿਮਾਚਲ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (HPPSC) ਵੱਲੋਂ 26 ਸਤੰਬਰ ਨੂੰ ਐਲਾਨੇ ਹਿਮਾਚਲ ਪ੍ਰਦੇਸ਼ ਜੁਡੀਸ਼ਲ ਸਰਵਿਸ (HPJS) ਦੇ ਅੰਤਿਮ ਨਤੀਜਿਆਂ ਵਿਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵਜੋਂ ਆਪਣੀ ਜਗ੍ਹਾ ਬਣਾਈ ਹੈ। ਇਸ ਪ੍ਰੀਖਿਆ ਵਿਚ ਕੁੱਲ 19 ਉਮੀਦਵਾਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿਚ ਪ੍ਰਿਯੰਸ਼ੀ ਦੀ ਸ਼ਮੂਲੀਅਤ ਉਸਦੇ ਪਰਿਵਾਰ ਅਤੇ ਪਾਤੜਾਂ ਖੇਤਰ ਲਈ ਮਾਣ ਦਾ ਮੌਕਾ ਹੈ।
ਵਿਦਿਅਕ ਯਾਤਰਾ
ਪ੍ਰਿਯੰਸ਼ੀ, ਜੋ ਪਿੰਡ ਰੇਤਗੜ੍ਹ ਵਿਚ ਜਨਮੀ ਅਤੇ ਸਨਸਿਟੀ ਕਾਲੋਨੀ, ਪਾਤੜਾਂ ਵਿਚ ਰਹਿੰਦੀ ਹੈ, ਕਾਰੋਬਾਰੀ ਸਰਜੀਵਨ ਕੁਮਾਰ ਅਤੇ ਸਰੋਜ ਬੰਸਲ ਦੀ ਧੀ ਹੈ। ਉਸਨੇ ਦਸਵੀਂ ਕਲਾਸ ਡੀ.ਏ.ਵੀ. ਪਬਲਿਕ ਸਕੂਲ, ਸਮਾਣਾ ਤੋਂ 10 ਸੀ.ਜੀ.ਪੀ.ਏ. ਅਤੇ 12ਵੀਂ ਕਲਾਸ (ਕਾਮਰਸ) ਬੁੱਢਾ ਦਲ ਪਬਲਿਕ ਸਕੂਲ ਸਮਾਣਾ ਤੋਂ 95.4% ਅੰਕ ਨਾਲ ਪਾਸ ਕੀਤੀ। ਕਾਨੂੰਨੀ ਡਿਗਰੀ (LLB) ਆਰਮੀ ਇੰਸਟੀਚਿਊਟ ਆਫ਼ ਲਾਅ, ਮੋਹਾਲੀ ਤੋਂ 2024 ਵਿਚ 82.02% ਅੰਕ ਨਾਲ ਪਾਸ ਕੀਤੀ। ਕਾਨੂੰਨੀ ਡਿਗਰੀ ਪੂਰੀ ਕਰਦੇ ਹੀ HPJS ਦੀ ਪ੍ਰੀਖਿਆ ਵਿਚ ਉਸਦੀ ਸਿੱਧੀ ਚੋਣ ਉਸਦੀ ਅਸਾਧਾਰਣ ਯੋਗਤਾ ਅਤੇ ਲਗਨ ਦਾ ਸਬੂਤ ਹੈ।
ਪ੍ਰਿਯੰਸ਼ੀ ਦੀ ਇਸ ਵੱਡੀ ਉਪਲਬਧੀ 'ਤੇ ਉਸਦਾ ਪਰਿਵਾਰ ਬੇਹੱਦ ਖੁਸ਼ ਹੈ। ਉਹ ਪਾਤੜਾਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਪਟਵਾਰੀ ਦੇ ਸਾਲੇ ਦੀ ਬੇਟੀ ਵੀ ਹੈ। ਉਸਦੀ ਸਫਲਤਾ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਪਾਤੜਾਂ ਹਲਕੇ ਦਾ ਨਾਮ ਰੌਸ਼ਨ ਹੋਇਆ ਹੈ। ਸਿਵਲ ਜੱਜ ਵਜੋਂ ਪ੍ਰਿਯੰਸ਼ੀ ਦਾ ਮੁੱਖ ਲਕਸ਼ ਨਿਆਂ ਪ੍ਰਣਾਲੀ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਾ ਅਤੇ ਸਮਾਜ ਵਿਚ ਨਿਆਂ ਤੇ ਸੱਚਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਪ੍ਰਿਯੰਸ਼ੀ ਦੀ ਇਹ ਸਫਲਤਾ ਪੰਜਾਬ ਅਤੇ ਹਿਮਾਚਲ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਹੈ।
ਬੁਲੇਟ ਚਾਲਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY