ਜਲੰਧਰ (ਸ਼ੋਰੀ)– ਬਸਤੀ ਗੁਜ਼ਾਂ ਸਥਿਤ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਵਿਚ ਉਸ ਸਮੇਂ ਜੰਮ ਕੇ ਹੰਗਾਮਾ ਵੇਖਣ ਨੂੰ ਮਿਲਿਆ, ਜਦੋਂ ਸੈਂਟਰ ਅੰਦਰ ਇਕ ਮਰੀਜ਼ ਦੀ ਮੌਤ ਹੋ ਗਈ। ਇਸ ਦੌਰਾਨ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਆਨ-ਡਿਊਟੀ ਡਾਕਟਰ ਅਤੇ ਸਟਾਫ਼ ਨੇ ਮਰੀਜ਼ ਦਾ ਸਮੇਂ ’ਤੇ ਇਲਾਜ ਨਹੀਂ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਪਹੁੰਚੇ। ਹਾਲਾਂਕਿ ਦੋਵਾਂ ਦੇ ਸਮਰਥਕਾਂ ਵਿਚ ਬਹਿਸਬਾਜ਼ੀ ਤੱਕ ਵੇਖਣ ਨੂੰ ਮਿਲੀ। ਇਸੇ ਵਿਚਕਾਰ ਮੌਕੇ ’ਤੇ ਪੁਲਸ ਅਧਿਕਾਰੀ ਵੀ ਪਹੁੰਚੇ, ਜਿਨ੍ਹਾਂ ਮਾਮਲਾ ਸ਼ਾਂਤ ਕਰਵਾਇਆ, ਹਾਲਾਂਕਿ ਸਿਵਲ ਸਰਜਨ ਡਾ. ਰਮਨ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਉਥੇ ਹੀ, ਮ੍ਰਿਤਕ ਸ਼ੇਰ ਸਿੰਘ ਪੁੱਤਰ ਸਰਦਾਰਾ ਸਿੰਘ ਨਿਵਾਸੀ ਮਕਾਨ ਨੰਬਰ 802, ਬਸਤੀ ਮਿੱਠੂ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜਲੰਧਰ ਜ਼ਿਲ੍ਹੇ 'ਚ ਹੁਣ ਤੱਕ 5967 ਕੇਸ ਆਏ ਸਾਹਮਣੇ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਬੇਟੇ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮਿੱਠੂ ਬਸਤੀ ਵਿਚ ਚਿਕਨ ਦੀ ਦੁਕਾਨ ਹੈ। ਮੰਗਲਵਾਰ ਸਵੇਰ ਸਮੇਂ ਉਸ ਦੇ ਪਿਤਾ ਦੀ ਬਾਂਹ ਵਿਚ ਦਰਦ ਹੋ ਰਿਹਾ ਸੀ। ਉਹ ਖ਼ੁਦ ਸਕੂਟਰ ਚਲਾ ਕੇ ਬਸਤੀ ਗੁਜ਼ਾਂ ਵਿਚ ਸਥਿਤ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਵਿਚ ਇਲਾਜ ਕਰਵਾਉਣ ਗਏ। ਡਿਊਟੀ ’ਤੇ ਤਾਇਨਾਤ ਡਾਕਟਰ ਨੇ ਉਸ ਦੇ ਪਿਤਾ ਦੀ ਪਰਚੀ ’ਤੇ ਐਕਸਰਾ ਲਿਖਿਆ, ਜਿਸ ’ਤੇ ਉਨ੍ਹਾਂ ਐਕਸਰਾ ਕਰਵਾ ਲਿਆ। ਇਸੇ ਵਿਚਕਾਰ ਉਸ ਦੇ ਪਿਤਾ ਦੀ ਸਿਹਤ ਖਰਾਬ ਹੋਣ ਲੱਗੀ ਅਤੇ ਉਹ ਖ਼ੂਨ ਦੀਆਂ ਉਲਟੀਆਂ ਕਰਨ ਲੱਗੇ ਅਤੇ ਜ਼ਮੀਨ ’ਤੇ ਡਿੱਗ ਗਏ। ਲੋਕਾਂ ਨੇ ਡਾਕਟਰ ਅਤੇ ਸਟਾਫ਼ ਨੂੰ ਕਿਹਾ ਕਿ ਮਰੀਜ਼ ਨੂੰ ਵੇਖ ਲਓ ਪਰ ਕਿਸੇ ਨੇ ਉਸ ਦੇ ਪਿਤਾ ਦਾ ਇਲਾਜ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਥੇ ਹੀ, ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਡਿਊਟੀ ’ਤੇ ਤਾਇਨਾਤ ਡਾਕਟਰ ਅਤੇ ਸਟਾਫ਼ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ ਸ਼ੀਤਲ ਬੋਲੇ-ਗੰਦੀ ਸਿਆਸਤ ਸ਼ਰਮ ਦੀ ਗੱਲ
ਉਥੇ ਹੀ, ਵਿਧਾਇਕ ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਮਰੀਜ਼ ਦੀ ਮੌਤ ਤੋਂ ਬਾਅਦ ਕੁਝ ਲੋਕ ਗੰਦੀ ਸਿਆਸਤ ਕਰਨ ਹੈਲਥ ਸੈਂਟਰ ਪਹੁੰਚ ਗਏ, ਜੋਕਿ ਸ਼ਰਮ ਦੀ ਗੱਲ ਹੈ। ਠੀਕ ਹੈ, ਵਿਰੋਧੀ ਪਾਰਟੀਆਂ ਇਕ-ਦੂਜੇ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਪਰ ਸਿਰਫ਼ ਮੰਚ ’ਤੇ, ਨਾ ਕਿ ਕਿਸੇ ਦੀ ਮੌਤ ’ਤੇ। ਮ੍ਰਿਤਕ ਦੇ ਪਰਿਵਾਰ ਨਾਲ ਉਹ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ। ਉਨ੍ਹਾਂ ਇਸ ਮਾਮਲੇ ਵਿਚ ਸਿਵਲ ਹਸਪਤਾਲ ਦੇ ਸੀਨੀਅਰ ਅਧਿਕਾਰੀਆ ਨਾਲ ਗੱਲ ਕਰਕੇ ਇਕ ਕਮੇਟੀ ਬਣਾ ਦਿੱਤੀ ਹੈ, ਜਿਹੜੀ ਜਾਂਚ ਕਰਕੇ ਮਰੀਜ਼ ਦੇ ਮੌਤ ਦੇ ਕਾਰਨਾਂ ਬਾਰੇ ਰਿਪੋਰਟ ਦੇਵੇਗੀ।
ਇਹ ਵੀ ਪੜ੍ਹੋ: ਰਿਸ਼ਤੇਦਾਰੀ 'ਚ ਜਾ ਰਹੇ ਪਰਿਵਾਰ ਨੂੰ ਮੌਤ ਨੇ ਪਾਇਆ ਘੇਰਾ, ਗੜ੍ਹਸ਼ੰਕਰ ਵਿਖੇ ਬੱਚੇ ਸਣੇ 3 ਮੈਂਬਰਾਂ ਦੀ ਮੌਤ
ਮਾਮਲੇ ਦੀ ਜਾਂਚ ਜਾਰੀ : ਸਿਵਲ ਸਰਜਨ ਡਾ. ਰਮਨ ਸ਼ਰਮਾ
ਉਥੇ ਹੀ, ਸਿਵਲ ਸਰਜਨ ਡਾ. ਰਮਨ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਉਹ ਗੰਭੀਰਤਾ ਨਾਲ ਲੈ ਰਹੇ ਹਨ ਤੇ ਤੁਰੰਤ ਉਨ੍ਹਾਂ ਡਾਕਟਰਾਂ ਦਾ ਬੋਰਡ ਤਿਆਰ ਕਰਵਾ ਦਿੱਤਾ ਹੈ, ਜਿਹੜਾ ਕਿ ਕਥਿਤ ਮੁਲਜ਼ਮ ਡਾ. ਤਰਸੇਮ ਲਾਲ ਕੋਲੋਂ ਪੁੱਛਗੱਛ ਕਰ ਰਿਹਾ ਹੈ। ਮਾਮਲੇ ਵਿਚ ਜੇਕਰ ਕੋਈ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਹ ਸਖ਼ਤ ਐਕਸ਼ਨ ਲੈ ਕੇ ਚੰਡੀਗੜ੍ਹ ਬੈਠੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪੂਰੀ ਰਿਪੋਰਟ ਭੇਜਣਗੇ। ਇਸਦੇ ਨਾਲ ਹੀ ਮ੍ਰਿਤਕ ਦਾ 3 ਡਾਕਟਰਾਂ ਦੇ ਬੋਰਡ ਦੀ ਮਦਦ ਨਾਲ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ਼ ਹੋਵੇਗੀ। ਦੂਜੇ ਪਾਸੇ ਸਿਵਲ ਸਰਜਨ ਦਫ਼ਤਰ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੇਰ ਰਾਤ ਤੱਕ ਡਾ. ਤਰਸੇਮ ਲਾਲ ਕੋਲੋਂ ਡਾਕਟਰਾਂ ਦਾ ਬੋਰਡ ਪੁੱਛਗਿੱਛ ਕਰਕੇ ਮਾਮਲੇ ਨੂੰ ਸਾਫ਼ ਕਰਨ ਵਿਚ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਯੁਕਤ ਕਮਿਸ਼ਨਰ ਨੇ ਕੀਤੀ ਅਚਾਨਕ ਚੈਕਿੰਗ, ਸੀਟਾਂ ਤੋਂ ਗੈਰ-ਹਾਜ਼ਰ ਅਧਿਕਾਰੀਆਂ ਨੂੰ ਮਿਲੇ ਕਾਰਨ ਦੱਸੋ ਨੋਟਿਸ
NEXT STORY