ਲੁਧਿਆਣਾ (ਬੇਰੀ)- ਹੰਬੜਾਂ ਰੋਡ ਸਥਿਤ ਪੱਛਮੀ ਤਹਿਸੀਲ ਵਿਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਇਕ ਵਿਅਕਤੀ ਨੇ ਪਟਵਾਰੀ ਨਾਲ ਹੱਥੋਪਾਈ ਕੀਤੀ। ਮਾਮਲਾ ਪੱਛਮੀ ਤਹਿਸੀਲ ਦਫਤਰ ਦਾ ਹੈ, ਜਿਥੇ ਲਾਦੀਆਂ ਪਿੰਡ ਦੇ ਪਟਵਾਰੀ ਪਰਮਿੰਦਰ ਸਿੰਘ ਆਪਣੇ ਦਫਤਰ ਵਿਚ ਬੈਠ ਕੇ ਕੰਮ ਕਰ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਕਿਸੇ ਹੋਰ ਦਾ ਕੰਮ ਕਰਵਾਉਣ ਆਇਆ ਪਰ ਜਦੋਂ ਪਟਵਾਰੀ ਨੇ ਕਾਗਜ਼ ਦੇਖਣ ਤੋਂ ਬਾਅਦ ਦੱਸਿਆ ਕਿ ਇਹ ਕੰਮ ਕਾਨੂੰਨੀ ਨਿਯਮਾਂ ਤੋਂ ਬਾਹਰ ਹੈ ਤਾਂ ਵਿਅਕਤੀ ਭੜਕ ਉੱਠਿਆ।
ਪਟਵਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਫ ਕਿਹਾ ਕਿ ਅਜਿਹਾ ਕੰਮ ਉਹ ਨਹੀਂ ਕਰ ਸਕਦੇ, ਜੋ ਸਰਕਾਰੀ ਨਿਯਮਾਂ ਦੇ ਖਿਲਾਫ ਹੋਵੇ। ਇਸ ’ਤੇ ਉਹ ਵਿਅਕਤੀ ਗੁੱਸੇ ਵਿਚ ਆ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗਾ। ਗੱਲ ਇੰਨੀ ਵਧ ਗਈ ਕਿ ਮੁਲਜ਼ਮ ਨੇ ਪਟਵਾਰੀ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਤੱਕ ਕੀਤੀ। ਇੰਨਾ ਹੀ ਨਹੀਂ, ਮੁਲਜ਼ਮ ਨੇ ਸਰਕਾਰੀ ਦਸਤਾਵੇਜ਼ ਤੱਕ ਪਾੜ ਦਿੱਤੇ। ਪਟਵਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਧਮਕੀ ਦਿੱਤੀ ਕਿ ਪਹਿਲਾਂ ਵੀ ਉਹ ਕਈ ਪਟਵਾਰੀਆਂ ਨੂੰ ਵਿਜੀਲੈਂਸ ਤੋਂ ਫੜਵਾ ਚੁੱਕਾ ਹੈ ਅਤੇ ਹੁਣ ਉਸ ਨੂੰ ਫਸਾਏਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਘਟਨਾ ਤੋਂ ਬਾਅਦ ਪਟਵਾਰੀ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਡਿਊਟੀ ਨਿਭਾਉਂਦੇ ਸਮੇਂ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਵੀ ਵਿਅਕਤੀ ਗਲਤ ਕੰਮ ਕਰਵਾਉਣ ਲਈ ਦਬਾਅ ਪਾਉਂਦਾ ਹੈ ਤਾਂ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਘਟਨਾ ਤੋਂ ਬਾਅਦ ਪਟਵਾਰ ਯੂਨੀਅਨ ਵਿਚ ਵੀ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਡਿਊਟੀ ’ਤੇ ਤਾਇਨਾਤ ਸਰਕਾਰੀ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਤਾਂ ਕਿ ਉਹ ਬਿਨਾਂ ਦਬਾਅ ਦੇ ਆਪਣੇ ਕੰਮ ਕਰ ਸਕਣ।
ਓਧਰ, ਦੇਰ ਸ਼ਾਮ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਮੇਜਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ, ਜੋ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ। ਪੁਲਸ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ
NEXT STORY