ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪੰਜਾਬ ਦੇ ਸਮੁੱਚੇ ਡੀ. ਸੀ. ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰਾਂ ਤੇ ਉਪ ਤਹਿਸੀਲਾਂ 'ਚ ਕੰਮ ਕਰਦੇ ਦਫਤਰੀ ਕਾਮਿਆਂ ਵੱਲੋਂ ਮਿਤੀ 1 ਤੇ 2 ਫਰਵਰੀ ਨੂੰ ਪੂਰਨ ਤੌਰ 'ਤੇ ਕੰਮਕਾਜ ਠੱਪ ਰੱਖ ਕੇ ਕਲਮਛੋੜ ਹੜਤਾਲ ਕੀਤੀ ਜਾਵੇਗੀ ਤੇ 1 ਨੂੰ ਰੋਸ ਮੁਜ਼ਾਹਰੇ ਤੇ 2 ਨੂੰ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਿਤੀ 22 ਤੇ 23 ਜਨਵਰੀ 2018 ਨੂੰ ਵੀ ਕਲਮਛੋੜ ਹੜਤਾਲ ਕਰ ਕੇ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨ ਕੇ ਮੁਲਾਜ਼ਮ ਮਾਰੂ ਨੀਤੀਆਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦਸਿਆ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਜਿਵੇਂ 107 ਆਊਟ ਸੋਰਸਸ ਕਰਮਚਾਰੀਆਂ ਨੂੰ ਪੱਕਾ ਕਰਨਾ, ਬੰਦ ਛੁੱਟੀਆਂ ਨੂੰ ਚਾਲੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਖਾਲੀ ਆਸਾਮੀਆਂ ਨੂੰ ਭਰਨਾ, ਛੇਵੇਂ ਪੇ ਕਮਿਸ਼ਨ ਪੰਜਾਬ ਦੀ ਰਿਪੋਰਟ ਲਾਗੂ ਕਰਨਾ, ਸਟੈਨੋ ਕਾਡਰ ਦੀਆਂ ਤਰੱਕੀਆਂ ਲਈ ਟੈਸਟ ਦੀ ਬੇਲੋੜੀ ਸ਼ਰਤ ਹਟਾਉਣਾ ਆਦਿ ਹਨ। ਜਿਸਨੂੰ ਸਰਕਾਰ ਪੂਰਾ ਨਹੀਂ ਕਰ ਰਹੀ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਦੇ ਰਾਹ 'ਤੇ ਚੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਜੇਕਰ ਆਮ ਜਨਤਾ ਨੂੰ ਕੋਈ ਵੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਵਾਲੇ ਕਾਜ਼ੀ ਮੰਡੀ ਦੇ ਸਕੇ ਭਰਾ ਗ੍ਰਿਫਤਾਰ
NEXT STORY