ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲੇ ਦੇ ਸਮੂਹ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਦੇ ਸੱਦੇ 'ਤੇ ਛੇੜੇ ਜਾਣ ਵਾਲੇ ਕਿਸੇ ਵੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਤਿਆਰ ਬਰ ਤਿਆਰ ਹਨ। ਇਹ ਪੈਨਸ਼ਨਰ ਕੰਨਫੈਡਰੇਸ਼ਨ ਦੇ ਹਰ ਹੁਕਮਾਂ ਦੀ ਪਾਲਣਾ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੰਗਲਵਾਰ ਇਥੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਨੱਥਾ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਬਿਲਕੁਲ ਤਿਆਰ ਨਹੀਂ ਅਤੇ ਟਾਲ-ਮਟੋਲ ਵਾਲੀ ਨੀਤੀ ਅਪਣਾ ਰਹੀ ਹੈ, ਜਿਸ ਨੂੰ ਪੈਨਸ਼ਨਰ ਵਰਗ ਕਦਾ ਚਿਤ ਬਰਦਾਸ਼ਤ ਨਹੀਂ ਕਰੇਗਾ। ਐਸੋਸੀਏਸ਼ਨ ਦੇ ਜ਼ਿਲਾ ਪ੍ਰੈੱਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਕੰਨਫੈਡਰੇਸ਼ਨ ਦੀ ਲੁਧਿਆਣਾ ਦੇ ਪੈਨਸ਼ਨਰ ਭਵਨ ਵਿਖੇ ਸੂਬਾ ਪੱਧਰੀ ਮੀਟਿੰਗ ਵਿਚ ਭਾਗ ਲੈਣ ਲਈ ਜ਼ਿਲਾ ਪ੍ਰਧਾਨ ਸਮੇਤ ਜਨਰਲ ਸਕੱਤਰ ਬਸੰਤ ਸਿੰਘ ਰਾਜੂ ਅਤੇ ਵਿੱਤ ਸਕੱਤਰ ਬਖਤਾਵਰ ਸਿੰਘ ਮਾਨ ਸ਼ਾਮਲ ਹੋਏ ਸਨ। ਕੰਨਫੈਡਰੇਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆ ਤੋਂ 150 ਦੇ ਕਰੀਬ ਕਾਰਜਕਾਰੀ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਜੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਵਿਧਾਨ ਸਭਾ ਦੇ ਆਉਂਦੇ ਬਜਟ ਸੈਸ਼ਨ ਦੇ ਤੀਸਰੇ ਦਿਨ ਮੋਹਾਲੀ ਵਿਖੇ ਰੋਸ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜੀਤ ਸਿੰਘ ਕੁਹਾੜ ਦੀ ਮੌਤ ਨਾਲ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਸਮੇਂ ਵੀ ਮੁੜ ਤੋਂ ਰੋਸ ਮਾਰਚ ਅਤੇ ਝੰਡਾ ਮਾਰਚ ਕੀਤਾ ਜਾਵੇਗਾ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬੀਤੀ 9 ਫਰਵਰੀ ਨੂੰ 6ਵੇਂ ਤਨਖਾਹ ਕਮਿਸ਼ਨ ਵਲੋਂ ਬੁਲਾਏ ਜਾਣ ਤੇ ਕੰਨਫੈਡਰੇਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ ਨੇ ਪਹਿਲਾਂ ਦਿੱਤੇ ਹੋਏ ਸੁਝਾਵਾਂ ਦੀ ਸਾਰਥਿਕਤਾ ਬਾਰੇ ਵਿਸਥਾਰ ਪੂਰਵਕ ਗੱਲਬਾਤ ਵੀ ਕੀਤੀ ਸੀ।
ਕੈਪਟਨ ਨੇ ਪੇਂਡੂ ਲਿੰਕ ਸੜਕਾਂ ਲਈ 18 ਕਰੋੜ ਦੀ ਰਾਸ਼ੀ ਕੀਤੀ ਮਨਜ਼ੂਰ : ਚੀਮਾ
NEXT STORY