ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਭਾਖੜਾ ਨਹਿਰ ਦੀਆਂ ਪਟੜੀਆਂ ਦੇ ਆਲੇ-ਦੁਆਲੇ ਅਤੇ ਡੋਲਿਆਂ ਉਪਰ ਉੱਗੀ ਗਾਜਰ ਬੂਟੀ ਕਾਰਨ ਪਿੰਡਾਂ ਦੇ ਵਸਨੀਕ, ਰਾਹਗੀਰ ਅਤੇ ਸਵੇਰੇ-ਸ਼ਾਮ ਸੈਰ ਕਰਨ ਵਾਲੇ ਵਿਅਕਤੀ ਕਾਫੀ ਪ੍ਰੇਸ਼ਾਨ ਹਨ।
ਸ੍ਰੀ ਕੀਰਤਪੁਰ ਸਾਹਿਬ ਪੁਰਾਣੇ ਬੱਸ ਅੱਡੇ ਨਜ਼ਦੀਕ ਅਤੇ ਬਿਲਾਸਪੁਰ ਰੋਡ ਭਾਖੜਾ ਨਹਿਰ ਦੇ ਵੱਡੇ ਪੁਲ ਤੋਂ ਲੋਹੰਡ ਗੇਟਾਂ ਤੱਕ ਜਾਂਦੀਆਂ ਭਾਖੜਾ ਨਹਿਰ ਦੀਆਂ ਦੋਵੇਂ ਪਟੜੀਆਂ ਦੇ ਆਲੇ-ਦੁਆਲੇ ਗਾਜਰ ਬੂਟੀ ਉੱਗੀ ਹੋਈ ਹੈ। ਸ਼ਹਿਰ ਦੇ ਲੋਕ ਇਥੇ ਸਵੇਰੇ-ਸ਼ਾਮ ਸੈਰ ਅਤੇ ਦੌੜ ਲਾਉਣ ਆਉਂਦੇ ਹਨ।
ਇਸ ਗਾਜਰ ਬੂਟੀ ਕਾਰਨ ਇਕ ਤਾਂ ਲੋਕਾਂ ਨੂੰ ਚਮੜੀ ਤੇ ਸਾਹ ਰੋਗ ਹੋਣ ਦਾ ਡਰ ਰਹਿੰਦਾ ਹੈ, ਦੂਸਰਾ ਇਸ ਬੂਟੀ ਵਿਚ ਕਈ ਜ਼ਹਿਰੀਲੇ ਜੀਵ ਜੰਤੂ ਲੁਕੇ ਹੁੰਦੇ ਹਨ, ਜੋ ਕਿ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਘਾਤਕ ਸਿੱਧ ਹੋ ਸਕਦੇ ਹਨ।
ਇਸ ਤੋਂ ਇਲਾਵਾ ਬੂਟੀ ਕਾਰਨ ਨਹਿਰ ਦੀਆਂ ਪਟੜੀਆਂ ਅਤੇ ਡੋਲਿਆਂ ਵਿਚ ਅੰਤਰ ਕਰਨਾ ਬੜਾ ਮੁਸ਼ਕਿਲ ਹੈ, ਜਿਸ ਕਾਰਨ ਹਨੇਰੇ ਵਿਚ ਕੋਈ ਵੀ ਵਿਅਕਤੀ ਨਹਿਰ ਵਿਚ ਡਿੱਗ ਸਕਦਾ ਹੈ। ਸ਼ਹਿਰ ਦੇ ਮੋਹਤਬਰਾਂ ਸਵੀਟੀ ਕੌੜਾ, ਮਾ. ਅਮਰਜੀਤ ਸਿੰਘ, ਜਸਵੀਰ ਸਿੰਘ ਰਾਣਾ, ਤਾਜ ਮੁਹੰਮਦ ਪਠਾਣ, ਤਜਿੰਦਰ ਸਿੰਘ ਪੱਪੂ, ਦਵਿੰਦਰ ਸੈਣੀ, ਪਾਲੀ ਸ਼ਾਹ ਕੌੜਾ, ਬਜ਼ੁਰਗ ਸਤਪਾਲ ਚੱਕੀ ਵਾਲੇ ਆਦਿ ਨੇ ਬੀ.ਬੀ.ਐੱਮ.ਬੀ. ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਭਾਖੜਾ ਨਹਿਰ ਦੀਆਂ ਪਟੜੀਆਂ ਉਪਰ ਉੱਗੀ ਖਤਰਨਾਕ ਗਾਜਰ ਬੂਟੀ ਦੀ ਸਾਫ-ਸਫਾਈ ਕਰਵਾਈ ਜਾਵੇ।
ਕੀ ਕਹਿਣਾ ਹੈ ਅਧਿਕਾਰੀ ਦਾ
ਬੀ.ਬੀ.ਐੱਮ.ਬੀ. ਦੇ ਸਬੰਧਤ ਅਧਿਕਾਰੀ ਨੇ ਕਿਹਾ ਕਿ ਸਾਡੇ ਕਰਮਚਾਰੀਆਂ ਦੀਆਂ ਪਹਿਲਾਂ ਹੋਰ ਪਾਸੇ ਡਿਊਟੀਆਂ ਲੱਗੀਆਂ ਹੋਈਆਂ ਸਨ। ਹੁਣ ਉਹ ਵਾਪਿਸ ਆ ਗਏ ਹਨ, ਸਾਡੇ ਵੱਲੋਂ ਨਹਿਰ ਦੀਆਂ ਪਟੜੀਆਂ ਅਤੇ ਡੋਲਿਆਂ ਉਪਰ ਉੱਗੀ ਗਾਜਰ ਬੂਟੀ ਦੀ ਸਾਫ-ਸਫਾਈ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਲਦ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਸਾਫ ਸਫਾਈ ਕਰਵਾ ਦਿੱਤੀ ਜਾਵੇਗੀ।
ਨਾਭਾ ਦੀ ਸੰਦੀਪ ਕੌਰ ਵੋਕੇਸ਼ਨਲ ਸਟਰੀਮ 'ਚ ਪੰਜਾਬ ਭਰ 'ਚੋਂ ਅੱਵਲ
NEXT STORY