ਚੰਡੀਗੜ੍ਹ (ਪਾਲ) : ਅਗਸਤ ਦਾ ਮਹੀਨਾ ਪੀ. ਜੀ. ਆਈ. ’ਚ ਇੱਕ ਵੱਖਰੀ ਹੀ ਕਹਾਣੀ ਲਿਖ ਗਿਆ। ਤਿੰਨ ਪਰਿਵਾਰਾਂ ਨੇ ਦੁੱਖ ਨੂੰ ਤਾਕਤ ’ਚ ਬਦਲ ਆਪਣਿਆਂ ਦੇ ਅੰਗਦਾਨ ਕਰ ਕੇ 9 ਮਰੀਜ਼ਾਂ ਨੂੰ ਜ਼ਿੰਦਗੀ ਅਤੇ 2 ਨੂੰ ਰੌਸ਼ਨੀ ਦਿੱਤੀ। ਇਹ ਉਹ ਪਲ ਸੀ, ਜਦੋਂ ਹੰਝੂ ਵਗਦੇ ਰਹੇ, ਪਰ ਉਮੀਦ ਦੀ ਲੌਅ ਬੁਝਣ ਨਹੀਂ ਦਿੱਤੀ। 27 ਅਗਸਤ ਨੂੰ ਪਟਿਆਲਾ ਦੇ ਇੱਕ 50 ਸਾਲਾ ਵਿਅਕਤੀ ਨੂੰ ਪੀ. ਜੀ. ਆਈ. ਲਿਆਂਦਾ ਗਿਆ। ਹਾਦਸੇ ਵਿਚ ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਉਸਦਾ ਇਲਾਜ ਚੱਲ ਰਿਹਾ ਸੀ। ਜਦੋਂ ਡਾਕਟਰਾਂ ਨੇ ਉਸਨੂੰ ਬ੍ਰੇਨ ਡੈੱਡ ਐਲਾਨ ਕੀਤਾ ਤਾਂ ਪਰਿਵਾਰ ਟੁੱਟ ਗਿਆ। ਪਰਿਵਾਰ ਨੇ ਹਿੰਮਤ ਬੰਨ੍ਹੀ ਅਤੇ ਦੂਜਿਆਂ ਲਈ ਫਰਿਸ਼ਤਾ ਬਣ ਗਿਆ। ਦੋਵੇਂ ਗੁਰਦੇ ਪੀ. ਜੀ. ਆਈ. ’ਚ ਟਰਾਂਸਪਲਾਂਟ ਕੀਤੇ ਗਏ, ਜਿਸ ਨਾਲ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। ਦਿਲ ਨੂੰ ਗ੍ਰੀਨ ਕੋਰੀਡੋਰ ਬਣਾ ਕੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਪਹੁੰਚਾਇਆ ਗਿਆ। ਲੀਵਰ ਸਾਕੇਤ ਮੈਕਸ ਹਸਪਤਾਲ ਭੇਜਿਆ ਗਿਆ। ਹਾਲਾਂਕਿ ਤਕਨੀਕੀ ਕਾਰਨਾਂ ਕਰਕੇ ਇਸਦੀ ਵਰਤੋਂ ਨਹੀਂ ਕੀਤੀ ਜਾ ਸਕੀ, ਪਰ ਇਹ ਸਾਰੀ ਪ੍ਰਕਿਰਿਆ ਇਸ ਗੱਲ ਦਾ ਸਬੂਤ ਬਣੀ ਕਿ ਟੀਮ ਵਰਕ ਅਤੇ ਸਹਿਯੋਗ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਕੌਰਨੀਆ ਨਾਲ ਦੋ ਲੋਕਾਂ ਦੀ ਜ਼ਿੰਦਗੀ ਫਿਰ ਤੋਂ ਰੌਸ਼ਨ ਹੋ ਗਈ।
21 ਅਗਸਤ ਨੂੰ ਸੜਕ ਹਾਦਸੇ ਨੇ ਖੋਹਿਆ ਬੇਟਾ, ਪਰ ਮੋੜੀਆਂ ਜ਼ਿੰਦਗੀਆਂ
ਹਿਸਾਰ ਦੇ ਇੱਕ 35 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਸਦਮੇ ’ਚ ਹੋਣ ਦੇ ਬਾਵਜੂਦ ਪਰਿਵਾਰ ਨੇ ਇੱਕ ਵੱਡਾ ਫ਼ੈਸਲਾ ਲਿਆ। ਦੋਵੇਂ ਗੁਰਦੇ ਪੀ. ਜੀ. ਆਈ. ’ਚ ਦੋ ਮਰੀਜ਼ਾਂ ’ਚ ਟਰਾਂਸਪਲਾਂਟ ਕੀਤੇ ਗਏ। ਦੋਵੇਂ ਮਰੀਜ਼ ਗੁਰਦੇ ਫੇਲ੍ਹ ਹੋਣ ਤੋਂ ਪੀੜਤ ਸਨ, ਪਰ ਹੁਣ ਉਹ ਇੱਕ ਆਮ ਜ਼ਿੰਦਗੀ ਜੀਅ ਸਕਣਗੇ। ਇਸ ਇੱਕ ਫ਼ੈਸਲੇ ਨੇ ਪਰਿਵਾਰ ਦੇ ਦੁੱਖ ਨੂੰ ਕਰੂਣਾ ਦੀ ਮਿਸਾਲ ਬਣਾ ਦਿੱਤਾ।
8 ਅਗਸਤ ਬੇਟੀ ਬਣੀ ਉਮੀਦ ਦੀ ਮਸ਼ਾਲ
ਸੜਕ ਹਾਦਸੇ ’ਚ ਪਟਿਆਲਾ ਦੀ ਇੱਕ 20 ਸਾਲਾ ਲੜਕੀ ਮੌਤ ਦੇ ਬਾਅਦ ਵੀ ਦੂਜਿਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰ ਗਈ। ਜਦੋਂ ਪਰਿਵਾਰ ਨੇ ਅੰਗ ਦਾਨ ਨੂੰ ਮਨਜ਼ੂਰੀ ਦਿੱਤੀ, ਤਾਂ ਪੀ. ਜੀ. ਆਈ. ’ਚ ਗੁਰਦੇ, ਲੀਵਰ ਅਤੇ ਪੈਨਕ੍ਰਿਆਜ਼ ਨਾਲ ਤਿੰਨ ਮਰੀਜ਼ਾਂ ਨੂੰ ਜੀਵਨ ਮਿਲਿਆ। ਫੇਫੜੇ ਗ੍ਰੀਨ ਕੋਰੀਡੋਰ ਰਾਹੀਂ ਚੈੱਨਈ ਭੇਜੇ ਗਏ, ਜਿੱਥੇ ਇੱਕ ਗੰਭੀਰ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ।
ਪੰਜਾਬ ਤੇ ਹਰਿਆਣਾ 'ਚ 'ਰੈੱਡ ਅਲਰਟ' ! ਅਧਿਕਾਰੀਆਂ ਨੂੰ ਹੁਕਮ ਜਾਰੀ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ
NEXT STORY