ਨਾਭਾ (ਪੁਰੀ) : ਇਕ ਪਾਸੇ ਪਟਿਆਲਾ ਗੇਟ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਦੂਜੇ ਪਾਸੇ ਸ਼ਹਿਰ ਨਾਭਾ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਹਨ। ਸਿਆਣੇ ਕਹਿੰਦੇ ਹਨ ਕਿ ਘਰ ਦੇ ਭਾਗ ਡਿਊਢੀ ਤੋਂ ਦਿੱਸ ਪੈਂਦੇ ਹਨ , ਬਿਲਕੁੱਲ ਠੀਕ ਫਿੱਟ ਬੈਠਦੀ ਹੈ ਇਹ ਕਹਾਵਤ ਮੇਰੇ ਨਾਭਾ ਸ਼ਹਿਰ ਤੇ। ਰਿਆਸਤੀ ਸਹਿਰ ਨਾਭਾ ਦੀ ਮੁੱਖ ਸੜਕ 'ਤੇ ਲੱਗੇ ਵੱਡੇ ਵੱਡੇ ਗੰਦਗੀ ਦੇ ਢੇਰ ਨਾ ਸਿਰਫ ਸ਼ਹਿਰ ਦੀ ਨਗਰ ਕੌਂਸਲ ਦੇ ਕਾਰਜਾਂ ਦਾ ਲੇਖਾ-ਜੋਖਾ ਬਿਆਨ ਕਰਦੇ ਹਨ, ਸਗੋਂ ਨਗਰ ਕੌਂਸਲ ਦੀ ਨਲਾਇਕੀ ਕਾਰਨ ਜਨਤਾ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਨਾਭਾ-ਪਟਿਆਲਾ ਸੜਕ 'ਤੇ ਸਥਿਤ ਪੁਰਾਣੀ ਚੂੰਗੀ ਦੇ ਨਜ਼ਦੀਕ ਸੜਕ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ, ਜਿਸ ਨਾਲ ਸ਼ਹਿਰ ਵਿੱਚ ਬੀਮਾਰੀਆਂ ਫੈਲਣ ਦਾ ਖਤਰਾ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਹੈ ਅਤੇ ਨਾਲ ਹੀ ਮੇਨ ਸੜਕ 'ਤੇ ਗੰਦਗੀ ਕਾਰਨ ਲੋਕ ਕਿਸੇ ਵੀ ਸਮੇ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ ਕਿਉਂਕਿ ਗੰਦਗੀ ਹੋਣ ਕਾਰਨ ਅਵਾਰਾ ਡੰਗਰ ਸੜਕ 'ਤੇ ਸ਼ਰੇਆਮ ਫਿਰਦੇ ਹਨ, ਜਿਸ ਨਾਲ ਕਿਸੇ ਵੀ ਸਮੇ ਵੱਡਾ ਹਾਦਸਾ ਹੋ ਸਕਦਾ ਹੈ। ਨਗਰ ਕੌਂਸਲ ਨਾਭਾ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀ ਹੈ। ਇੰਝ ਲੱਗਦਾ ਹੈ ਕਿ ਜਿਵੇਂ ਨਗਰ ਕੌਂਸਲ ਅਧਿਕਾਰੀ ਅਤੇ ਕੌਂਸਲ ਪ੍ਰਧਾਨ ਨਾ ਸਿਰਫ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਸਗੋਂ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿੱਚ ਹਨ। ਖਾਸ ਗੱਲ ਇਹ ਹੈ ਕਿ ਰਿਆਸਤੀ ਨਗਰੀ ਨਾਭਾ ਹਲਕੇ ਤੋਂ ਚੋਣ ਜਿੱਤ ਕੇ ਕੈਪਟਨ ਅਮਰਿੰਦਰ ਦੀ ਵਜ਼ਾਰਤ ਵਿੱਚ ਪਹਿਲੇ ਰੈਂਕ ਦੇ ਮੰਤਰੀ ਬਣੇ ਸਾਧੂ ਸਿੰਘ ਧਰਮਸੌਤ ਵੀ ਨਗਰ ਕੌਂਸਲ ਅਧਿਕਾਰੀਆਂ 'ਤੇ ਆਪਣੀ ਨਕੇਲ ਕੱਸਣ ਵਿੱਚ ਨਾਕਾਮਯਾਬ ਸਾਬਿਤ ਹੋ ਰਹੇ ਹਨ। ਲੋਕ ਇਹ ਸਵਾਲ ਕਰਦੇ ਹਨ ਕਿ ਰੌਜਾਨਾ ਸੋਸਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਗੰਦਗੀ ਦੀਆਂ ਵੀਡੀਓ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਗੰਦਗੀ ਦੀਆਂ ਖਬਰਾਂ ਵੱਲ ਵੀ ਮੰਤਰੀ ਸਾਹਿਬ ਦਾ ਧਿਆਨ ਨਹੀ ਪੈ ਰਿਹਾ ਜਾਂ ਫਿਰ ਮੰਤਰੀ ਸਾਹਿਬ ਧਿਆਨ ਦੇਣਾ ਨਹੀ ਚਾਹੁੰਦੇ। ਫਿਲਹਾਲ ਆਲਮ ਇਹ ਹੈ ਕਿ ਸਹਿਰ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹੋਏ ਪਏ ਹਨ ਪਰ ਪ੍ਰਸ਼ਾਸਨ ਗਹਿਰੀ ਨੀਦ ਵਿੱਚ ਸੁੱਤਾ ਪਿਆ ਹੈ।
ਸ਼ੱਕੀ ਹਾਲਾਤ ਵਿਚ ਨੌਜਵਾਨ ਦੀ ਲਾਸ਼ ਬਰਾਮਦ
NEXT STORY