ਲੁਧਿਆਣਾ(ਰਿਸ਼ੀ)-ਇੰਡਸਟਰੀਅਲ ਏਰੀਆ-ਏ ਵਿਚ ਪਲਾਸਟਿਕ ਲਿਫਾਫਾ ਬਣਾਉਣ ਵਾਲੀ ਮਲਬੇ ਵਿਚ ਤਬਦੀਲ ਹੋਈ 6 ਮੰਜ਼ਿਲਾ ਫੈਕਟਰੀ ਦਾ ਇਕ ਹਿੱਸਾ ਰਾਹਤ ਕਾਰਜ ਵਿਚ ਜੁਟੀ ਟੀਮ ਲਈ ਦਹਿਸ਼ਤ ਦਾ ਸਬੱਬ ਬਣਿਆ ਹੋਇਆ ਹੈ ਕਿਉਂਕਿ ਅੱਗ ਲੱਗਣ ਦੀ ਘਟਨਾ ਦੇ 4 ਦਿਨਾਂ ਬਾਅਦ ਵੀ ਇਸ ਹਿੱਸੇ ਵਿਚ ਪਏ ਮਲਬੇ ਤੋਂ ਲਗਾਤਾਰ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਿਸ ਦੇ ਫੈਕਟਰੀ ਦੇ ਸਟੋਰੇਜ ਰੂਮ ਹੋਣ ਦਾ ਅੰਦਾਜ਼ਾ ਹੈ। ਬਚਾਅ ਕਾਰਜਾਂ ਵਿਚ ਜੁਟੀ ਟੀਮ ਦੇ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਹੈ ਕਿ ਫੈਕਟਰੀ ਦੇ ਉਸੇ ਹਿੱਸੇ 'ਚ ਭਾਰੀ ਮਾਤਰਾ ਵਿਚ ਲਗਭਗ 150 ਡਰੰਮ ਕੈਮੀਕਲ ਸਟੋਰੇਜ ਹੋ ਸਕਦਾ ਹੈ, ਜਿਸ ਕਾਰਨ 4 ਦਿਨ ਬੀਤਣ ਤੋਂ ਬਾਅਦ ਵੀ ਅੱਗ ਨਹੀਂ ਬੁਝ ਸਕੀ। ਆਲਮ ਤਾਂ ਇਹ ਹੈ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਮੇਂ-ਸਮੇਂ 'ਤੇ ਇਸ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਾਛੜ ਤਾਂ ਕਰ ਰਹੇ ਹਨ ਪਰ ਕੁਝ ਸਮਾਂ ਰੁਕਣ ਤੋਂ ਬਾਅਦ ਇਥੇ ਫਿਰ ਅੱਗ ਲੱਗ ਰਹੀ ਹੈ। ਨਾਲ ਹੀ ਦੂਜੇ ਪਾਸੇ ਅੱਜ ਰਾਹਤ ਟੀਮਾਂ ਨੇ ਕਾਫੀ ਮਲਬਾ ਚੁੱਕ ਕੇ ਫੈਕਟਰੀ ਦੇ ਇਕ ਹਿੱਸੇ ਵਿਚ ਦੱਬੇ ਲੋਕਾਂ ਨੂੰ ਲੱਭਣ ਦਾ ਕੰਮ ਜਾਰੀ ਰੱਖਿਆ ਪਰ ਦੇਰ ਸ਼ਾਮ ਤੱਕ ਕੋਈ ਸਫਲਤਾ ਹਾਸਲ ਨਹੀਂ ਹੋਈ। ਟੀਮਾਂ ਦੇ ਅੱਗੇ ਮਲਬੇ ਦੇ ਰੂਪ ਵਿਚ ਪਿਆ ਹੋਇਆ ਵੱਡੀ ਮਾਤਰਾ ਵਿਚ ਸਰੀਆ ਰੁਕਾਵਟਾਂ ਪੈਦਾ ਕਰ ਰਿਹਾ ਹੈ, ਜਿਸ ਲਈ ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੇ ਜਵਾਨਾਂ ਦਾ ਜ਼ਿਆਦਾ ਸਮਾਂ ਸਰੀਆ ਕੱਟਣ 'ਤੇ ਹੀ ਨਿਕਲ ਰਿਹਾ ਹੈ। ਇਸ ਲਈ ਉਹ ਗੈਸ ਕਟਰ ਅਤੇ ਹੋਰਨਾਂ ਯੰਤਰਾਂ ਦੀ ਵਰਤੋਂ ਕਰ ਰਹੇ ਸਨ। ਦੂਜੇ ਪਾਸੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਸ ਦਾ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਪੁਲਸ ਮੁਤਾਬਕ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਕਿੰਨੀ ਤਰ੍ਹਾਂ ਦੇ ਕੈਮੀਕਲ ਪਏ ਹਨ। ਉਨ੍ਹਾਂ ਨੂੰ ਰੱਖਣ ਲਈ ਕਿਸੇ ਵਿਭਾਗ ਤੋਂ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ।
ਸ਼ਾਮ 5 ਵਜੇ ਚਲਾਈ ਸਰਚ ਮੁਹਿੰਮ
ਵੀਰਵਾਰ ਸ਼ਾਮ ਲਗਭਗ 5 ਵਜੇ ਕਈ ਘੰਟਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਬਚਾਅ ਕਾਰਜ ਦੀ ਟੀਮ ਨੂੰ ਇਕ ਹਿੱਸਾ ਨਜ਼ਰ ਆਇਆ, ਜਿਥੇ ਉਨ੍ਹਾਂ ਨੂੰ ਆਸ ਸੀ ਕਿ ਦੱਬੇ ਹੋਏ ਲੋਕਾਂ ਬਾਰੇ ਕੁੱਝ ਪਤਾ ਲਾਇਆ ਜਾ ਸਕਦਾ ਹੈ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਟਾਰਚ ਰਾਹੀਂ ਸਰਚ ਕੀਤੀ ਪਰ ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲਿਆ।
ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਡਾਬਰ ਨੇ ਨਿਗਮ ਕਮਿਸ਼ਨਰ ਨਾਲ ਫੋਨ 'ਤੇ ਕੀਤੀ ਗੱਲ
ਵੀਰਵਾਰ ਨੂੰ ਹਲਕਾ ਵਿਧਾਇਕ ਸੁਰਿੰਦਰ ਡਾਬਰ ਘਟਨਾ ਵਾਲੀ ਜਗ੍ਹਾ 'ਤੇ ਫਿਰ ਪੁੱਜੇ ਅਤੇ ਬਚਾਅ ਕਾਰਜਾਂ ਵਿਚ ਜੁਟੀਆਂ ਟੀਮਾਂ ਤੋਂ ਕੰਮ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਕ ਪੋਕਲੇਨ ਮਸ਼ੀਨ ਹੋਰ ਮੰਗਵਾਏ ਜਾਣ ਦੀ ਗੱਲ ਕਹੀ ਤਾਂ ਕਿ ਕੰਮ ਦੀ ਰਫਤਾਰ ਵਧਾਈ ਜਾ ਸਕੇ, ਜਿਸ 'ਤੇ ਉਨ੍ਹਾਂ ਨੇ ਤੁਰੰਤ ਨਿਗਮ ਕਮਿਸ਼ਨਰ ਨੂੰ ਫੋਨ ਕਰ ਕੇ ਜਲਦ ਤੋਂ ਜਲਦ ਮਸ਼ੀਨ ਭੇਜਣ ਨੂੰ ਕਿਹਾ ।
ਲੋਕਾਂ ਦਾ ਲੱਗਾ ਰਿਹਾ ਜਮਾਵੜਾ,ਫੈਕਟਰੀ ਦੇ ਰਸਤੇ ਨੂੰ ਕੀਤਾ ਜਾ ਰਿਹਾ ਸਾਫ
ਘਟਨਾ ਵਾਲੀ ਜਗ੍ਹਾ 'ਤੇ ਅੱਜ ਲਗਾਤਾਰ ਚੌਥੇ ਦਿਨ ਵੀ ਲੋਕਾਂ ਦੀ ਭੀੜ ਲੱਗੀ ਰਹੀ। ਬਚਾਅ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਕਰਮਚਾਰੀਆਂ ਵੱਲੋਂ ਘਟਨਾ ਵਾਲੇ ਦਿਨ ਅੱਗ ਬੁਝਾਉਣ ਲਈ ਵਰਤੇ ਗਏ ਰਸਤੇ ਨੂੰ ਹੀ ਸਭ ਤੋਂ ਪਹਿਲਾਂ ਸਾਫ ਕੀਤਾ ਜਾ ਰਿਹਾ ਹੈ ਤਾਂ ਕਿ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਮਲਬਾ ਬਾਅਦ ਵਿਚ ਚੁੱਕਿਆ ਜਾਵੇਗਾ। ਮਲਬੇ ਵਿਚ ਫੈਕਟਰੀ ਦੇ ਅੰਦਰੋਂ ਕਰੋੜਾਂ ਦੀ ਮਸ਼ੀਨਰੀ ਕਬਾੜ ਬਣ ਕੇ ਬਾਹਰ ਆਉਂਦੀ ਦੇਖੀ ਜਾ ਸਕਦੀ ਸੀ।
ਕਲਯੁਗੀ ਪਤੀ ਨੇ ਪਤਨੀ ਦਾ ਦੋਸਤਾਂ ਤੋਂ ਕਰਵਾਇਆ ਸਮੂਹਿਕ ਜਬਰ-ਜ਼ਨਾਹ
NEXT STORY