ਮਲੋਟ (ਜੁਨੇਜਾ) : ਸਿਟੀ ਮਲੋਟ ਪੁਲਸ ਵੱਲੋਂ ਚਲਾਈ ਗੈਰ ਸਮਾਜੀ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਇਕ ਸੱਟੇਬਾਜ਼ ਨੂੰ ਇਕ ਨੰਬਰੀ ਸੱਟਾ ਲਾਉਂਦੇ ਮੌਕੇ 'ਤੇ ਕਾਬੂ ਕੀਤਾ ਹੈ, ਜਿਸ ਪਾਸੋਂ ਪਰਚੀਆਂ ਅਤੇ ਨਕਦੀ ਵੀ ਬਰਾਮਦ ਕੀਤੀ ਹੈ। ਇਸ ਮਾਮਲੇ 'ਤੇ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਕਰਮਜੀਤ ਕੌਰ ਦੀ ਅਗਵਾਈ ਹੇਠ ਏ.ਐੱਸ.ਆਈ. ਸੁਖਦਿਆਲ ਸਿੰਘ ਨੇ ਪੀ. ਐੱਚ. ਜੀ. ਜਵਾਨ ਜਗਸੀਰ ਸਿੰਘ ਸਮੇਤ ਪੁਲਸ ਪਾਰਟੀ ਸਮੇਤ ਕਾਰਵਾਈ ਕਰਕੇ ਸ਼ਿਵਾਲਕ ਸਕੂਲ ਦੇ ਪਿੱਛੇ ਰਜੇਸ਼ ਕੁਮਾਰ ਪੁੱਤਰ ਜੀਤੂ ਰਾਮ ਵਾਸੀ ਵਾਰਡ ਨੰਬਰ 19 ਨੂੰ ਸੱਟੇ ਦਾ ਕੰਮ ਕਰਦਿਆਂ 1740 ਰੁਪਏ ਨਕਦੀ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀ ਵਿਰੁੱਧ 13/3/61 ਜੂਆ ਐਕਟ ਤਹਿਤ ਕਾਰਵਾਈ ਕਰਨ ਉਪਰੰਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਉਧਰ ਪੁਲਸ ਵੱਲੋਂ ਮਹੀਨਾ ਡੇਢ ਮਹੀਨਾ ਪਹਿਲਾਂ ਕੀਤੀ ਸਖ਼ਤੀ ਦੇ ਬਾਵਜੂਦ ਵੀ ਇਕਾ ਦੁੱਕਾ ਸੱਟੇਬਾਜ਼ਾਂ ਨੂੰ ਪੁਲਸ ਵੱਲੋਂ ਕਾਬੂ ਕਰਕੇ ਧੰਧੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਮਾਮਲੇ ਵਿਚ ਧੰਧੇ ਨਾਲ ਜੁੜੇ ਵੱਡੇ ਮਗਰਮੱਛ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਪੁਲਸ ਵੱਲੋਂ ਇਸ ਮਾਮਲੇ ਵਿਚ ਚਲਾਈ ਜ਼ੋਰਦਾਰ ਮੁਹਿੰਮ ਕਰਕੇ ਬੇਸ਼ੱਕ ਸ਼ਰੇਆਮ ਦੁਕਾਨਾਂ ਬੰਦ ਹੋ ਗਈਆਂ ਹਨ ਪਰ ਚੋਰ ਚੋਰੀ ਤੋਂ ਜਾਏ ਹੇਰਾਫੇਰੀ ਤੋਂ ਨਾ ਜਾਏ ਦੀ ਕਹਾਵਤ ਅਨੁਸਾਰ ਪਹਿਲਾਂ ਦੁਕਾਨਾਂ 'ਤੇ ਸੱਟੇ ਦਾ ਧੰਦਾ ਕਰਨ ਵਾਲਿਆਂ ਵਿਚੋਂ ਕੁਝ ਵੱਡੇ ਮਗਰਮੱਛਾਂ ਨੇ ਹੁਣ ਮਲੋਟ ਸਮੇਤ ਸ਼ਹਿਰਾਂ ਅਤੇ ਪਿੰਡਾਂ ਵਿਚ ਆਪਣਾ ਨੈਟਵਰਕ ਮੋਬਾਇਲਾਂ 'ਤੇ ਚਲਾ ਲਿਆ ਜਿਸ ਕਰਕੇ ਇਹ ਧੰਦਾ ਪਹਿਲਾਂ ਨਾਲੋਂ ਵੱਡੀ ਪੱਧਰ ਤੇ ਚੱਲ ਰਿਹਾ ਹੈ। ਇਸ ਧੰਦੇ ਨਾਲ ਜੁੜੇ ਇਕ ਪੁਰਾਣੇ ਸੱਟੇਬਾਜ਼ ਨੇ ਕਿਹਾ ਕਿ ਜੇ ਪੁਲਸ ਕੁਝ ਵਿਸ਼ੇਸ਼ ਨੰਬਰਾਂ ਨੂੰ ਰਾਡਾਰ 'ਤੇ ਲਿਆ ਕੇ ਇਸ ਮਾਮਲੇ ਦੀ ਜਾਂਚ ਕਰੇ ਤਾਂ ਸਾਹਮਣੇ ਆਏਗਾ ਕਿ ਹੁਣ ਵੀ ਪਹਿਲਾਂ ਵਾਂਗ ਲੱਖਾਂ ਰੁਪਏ ਦਾ ਰੋਜ਼ਾਨਾ ਸੱਟੇ ਸਬੰਧੀ ਲੈਣ ਦੇਣ ਹੋ ਰਿਹਾ ਹੈ। ਜਿਸ ਕਰਕੇ ਸੱਟਾ ਮਾਫ਼ੀਏ ਦੀਆਂ ਪਹਿਲਾਂ ਨਾਲੋਂ ਵੀ ਪੌਂ ਬਾਰਾਂ ਹੋ ਗਈਆਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸੱਟਾ ਰੋਕੂ ਕਾਨੂੰਨ ਵਿਚ ਜੂਆ ਐਕਟ ਤਹਿਤ ਧਾਰਾਵਾਂ ਹੀ ਲੱਗਦੀਆਂ ਹਨ ਜਿਸ ਕਰਕੇ ਦੋਸ਼ੀਆਂ ਦੀ ਨਾਲ ਦੀ ਨਾਲ ਜ਼ਮਾਨਤ ਹੋ ਜਾਂਦੀ ਹੈ ਕਿਉਂਕਿ ਇਹ ਧੰਦਾ ਸਰਕਾਰ ਦੀ ਬੰਦ ਪਈ ਇਕ ਨੰਬਰੀ ਲਾਟਰੀ ਵਾਂਗ ਚੱਲਦਾ ਹੈ।
ਇਸ ਲਈ ਪਿਛਲੇ ਦਿਨੀਂ ਸਦਰ ਮਲੋਟ ਨੇ ਕਾਬੂ ਕੀਤੇ ਇਕ ਵਿਅਕਤੀ ਵਿਰੁੱਧ ਲਾਟਰੀ ਐਕਟ ਸਬੰਧੀ ਸਖ਼ਤ ਧਾਰਾਵਾਂ ਲਾਈਆਂ ਸਨ। ਇਸ ਸਬੰਧੀ ਸਮਾਜ ਲੋਕ ਹਿਤੈਸ਼ੀ ਧਿਰਾਂ ਨੇ ਜ਼ਿਲ੍ਹਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੁਲਸ ਨੂੰ ਇਸ ਦੀ ਜਾਣਕਾਰੀ ਦੇ ਕੇ ਪੜਤਾਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਧੰਦੇ ਨੂੰ ਸਥਾਈ ਤੌਰ 'ਤੇ ਬੰਦ ਕੀਤਾ ਜਾ ਸਕੇ ਅਤੇ ਕਾਬੂ ਦੋਸ਼ੀਆਂ 'ਤੇ ਪਹਿਲਾਂ ਵਾਂਗ ਲਾਟਰੀ ਐਕਟ ਤੇ ਧੋਖਾਧੜੀ ਸਮੇਤ ਧਾਰਾਵਾਂ ਵੀ ਜੋੜੀਆਂ ਜਾਣ ਤਾਂ ਜੋ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ।
ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਬਰਾਮਦ ਕੀਤੀ 193 ਗ੍ਰਾਮ ਹੈਰੋਇਨ
NEXT STORY