ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ,ਪਵਨ) : ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਵਲੋਂ ਨਸ਼ਿਆਂ ਦੇ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਅਧੀਨ ਥਾਣਾ ਲੱਖੇਵਾਲੀ ਦੀ ਪੁਲਸ ਨੇ ਥਾਣਾ ਮੁਖੀ ਇੰਸਪੈਕਟਰ ਬੇਅੰਤ ਕੌਰ ਦੀ ਅਗਵਾਈ ਹੇਠ ਉਕਤ ਥਾਣੇ ਅਧੀਨ ਆਉਂਦੇ ਪਿੰਡਾਂ 'ਚੋਂ ਨਸ਼ਿਆਂ ਦੀਆਂ ਜੜ੍ਹਾਂ ਨੂੰ ਖਤਮ ਕਰਨ ਲਈ ਜ਼ੋਰਦਾਰ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ। ਨਸ਼ਿਆਂ ਦੇ ਵਿਰੁੱਧ ਹਰੇਕ ਪਿੰਡ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਨਸ਼ਿਆਂ ਦੀਆਂ ਮਾੜੀਆਂ ਬੁਰਾਈਆਂ ਨੂੰ ਉਜਾਗਰ ਕਰਨ ਲਈ ਸੈਮੀਨਾਰ ਅਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਪੁਲਸ ਦਾ ਇਹ ਕੰਮ ਬੇਹੱਦ ਸ਼ਾਲਾਘਾਯੋਗ ਹੈ। ਇਨ੍ਹਾਂ ਸੈਮੀਨਰਾਂ ਦਾ ਪ੍ਰਭਾਵ ਅਤੇ ਰੰਗ ਹੁਣ ਸਾਹਮਣੇ ਆਉਣ ਲੱਗ ਪਿਆ ਹੈ। ਨਸ਼ਿਆਂ ਕਾਰਣ ਨਿੱਤ ਹੋ ਰਹੀਆਂ ਮੌਤਾਂ ਵੀ ਚਿੰਤਾ ਦਾ ਵਿਸ਼ਾ ਹਨ, ਜਿਸ ਕਰ ਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਆਮ ਲੋਕ ਪੁਲਸ ਦਾ ਸਾਥ ਦੇ ਰਹੇ ਹਨ। ਲੱਖੇਵਾਲੀ ਦੀ ਪੁਲਸ ਵਲੋਂ ਆਪਣੇ ਖੇਤਰ ਦੇ ਸਾਰੇ ਪਿੰਡਾਂ ਵਿਚ ਅਜਿਹੇ ਸੈਮੀਨਾਰ ਲਾਏ ਹਨ। ਹਰ ਵਰਗ ਦੇ ਲੋਕਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਭਰਵਾਂ ਸਹਿਯੋਗ ਦਿੱਤਾ ਹੈ। ਔਰਤਾਂ ਨੇ ਖਾਸ ਕਰ ਕੇ ਇਨ੍ਹਾਂ ਸੈਮੀਨਾਰ 'ਚ ਸ਼ਮੂਲੀਅਤ ਕੀਤੀ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਲਾਏ ਗਏ ਹਨ, ਜਿਸ ਦੌਰਾਨ ਬੇਅੰਤ ਕੌਰ ਨੇ ਜ਼ਿੰਦਗੀ ਦੀਆਂ ਉਨ੍ਹਾਂ ਸਚਾਈਆਂ ਨੂੰ ਸਾਹਮਣੇ ਲਿਆਂਦਾ ਹੈ, ਜਿਨ੍ਹਾਂ ਤੋਂ ਵਿਦਿਆਰਥੀ ਵਰਗ ਬੇਹੱਦ ਪ੍ਰਭਾਵਤ ਹੋਇਆ ਹੈ। ਇਸ ਅਹਿਮ ਮਾਮਲੇ ਨੂੰ ਲੈ ਕੇ 'ਜਗ ਬਾਣੀ' ਵੱਲੋਂ ਇਸ ਹਫਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੱਸਿਆ ਗਿਆ ਹੈ ਸ਼ਿਕੰਜਾ
ਪੁਲਸ ਥਾਣਾ ਲੱਖੇਵਾਲੀ ਦੀ ਸਮੁੱਚੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਸ਼ਿਕੰਜਾ ਪੂਰੀ ਤਰ੍ਹਾਂ ਕੱਸਿਆ ਹੋਇਆ ਹੈ ਤੇ ਨਸ਼ੇ ਦੇ ਸੌਦਾਗਰਾਂ ਦੇ ਭਾਅ ਦੀ ਬਣੀ ਹੋਈ ਹੈ। ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ, ਨਸ਼ੇ ਵਾਲੇ ਟੀਕੇ, ਗਾਂਜਾ, ਹੈਰੋਇਨ ਤੇ ਹੋਰ ਨਸ਼ਾ ਬਰਾਮਦ ਕੀਤਾ ਹੈ।
12 ਪਰਚੇ ਕੀਤੇ ਗਏ ਹਨ ਦਰਜ
ਜਦੋਂ ਤੋਂ ਲੱਖੇਵਾਲੀ ਥਾਣੇ ਦੀ ਕਮਾਂਡ ਬੇਅੰਤ ਕੌਰ ਦੇ ਹੱਥ ਆਈ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਨਸ਼ਿਆਂ ਦੇ ਖਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ ਤੇ ਨਸ਼ਿਆਂ ਦੇ ਵਿਰੁੱਧ 12 ਪਰਚੇ ਦਰਜ ਕੀਤੇ ਗਏ ਹਨ।
ਨਸ਼ਾ ਵੇਚਣ ਵਾਲੀਆਂ ਔਰਤਾਂ ਨੂੰ ਕੀਤਾ ਗ੍ਰਿਫਤਾਰ
ਥਾਣਾ ਲੱਖੇਵਾਲੀ ਦੀ ਪੁਲਸ ਨੇ ਉਨ੍ਹਾਂ ਔਰਤਾਂ ਨੂੰ ਵੀ ਸਬਕ ਸਿਖਾਉਣ ਲਈ ਜੇਲਾਂ ਤਕ ਪਹੁੰਚਾਇਆ ਹੈ, ਜੋ ਨਸ਼ੇ ਵਾਲੀਆਂ ਚੀਜ਼ਾਂ ਵੇਚਦੀਆਂ ਹਨ। ਬੀਤੇ ਦਿਨੀਂ ਪਿੰਡ ਚੱਕ ਸ਼ੇਰੇਵਾਲਾ ਤੋਂ ਗੁਰਮੀਤ ਕੌਰ ਪਤਨੀ ਕੌਰ ਸਿੰਘ ਨੂੰ 500 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਤੇ ਐੱਨ. ਡੀ. ਪੀ. ਐਕਟ ਲਾ ਕੇ ਪਰਚਾ ਦਰਜ ਕੀਤਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਚੱਕ ਸ਼ੇਰੇਵਾਲਾ ਤੋਂ ਹੀ ਇਕ ਹੋਰ ਔਰਤ ਭੂਰੀ ਕੌਰ ਪਤਨੀ ਨਸੀਬ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਤੋਂ 7 ਹਜ਼ਾਰ 530 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਕੁਝ ਹੋਰ ਪਿੰਡਾਂ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।
ਕੀ ਕਹਿਣੈ ਇੰਸਪੈਕਟਰ ਬੇਅੰਤ ਕੌਰ ਦਾ?
ਜਦੋਂ 'ਜਗ ਬਾਣੀ' ਵੱਲੋਂ ਪੁਲਸ ਇੰਸਪੈਕਟਰ ਬੇਅੰਤ ਕੌਰ ਨਾਲ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ਾ ਇਕ ਅਜਿਹੀ ਬੁਰਾਈ ਹੈ ਜਿਸ ਨਾਲ ਨਸ਼ਾ ਕਰਨ ਵਾਲਾ ਆਦਮੀ ਸਮਾਜ ਨਾਲੋਂ ਇਕ ਤਰ੍ਹਾਂ ਨਾਲ ਕੱਟਿਆ ਜਾਂਦਾ ਹੈ। ਨਸ਼ਿਆਂ ਨੇ ਹੁਣ ਤੱਕ ਅਨੇਕਾਂ ਘਰ ਬਰਬਾਦ ਕਰ ਦਿੱਤੇ ਹਨ। ਨਸ਼ਾ ਕਰ ਕੇ ਮਰਨ ਵਾਲਿਆਂ ਦੇ ਬਾਕੀ ਪਰਿਵਾਰਕ ਮੈਂਬਰ ਰੁਲ ਜਾਂਦੇ ਹਨ। ਬੱਚਿਆਂ ਦਾ ਭਵਿੱਖ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੇ ਉਨ੍ਹਾਂ ਦਾ ਬੜਾ ਸਾਥ ਦਿੱਤਾ ਹੈ ਤੇ ਇਸੇ ਕਰ ਕੇ ਹੀ ਪੁਲਸ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਅੱਗੇ ਵਧ ਰਹੀ ਹੈ। ਬੇਅੰਤ ਕੌਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋਵੇ ਤੇ ਕਿਸੇ ਘਰ ਵਿਚ ਨਸ਼ਿਆਂ ਕਰ ਕੇ ਵੈਣ ਨਾ ਪੈਣ।
ਨਸ਼ਾ ਛੱਡਣ ਵਾਲਿਆਂ ਦਾ ਪੁਲਸ ਦੇਵੇਗੀ ਪੂਰਾ-ਪੂਰਾ ਸਾਥ!
ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨ ਲਈ ਨਸ਼ੇ ਛੱਡਣਾ ਚਾਹੁੰਦੇ ਹਨ, ਉਨ੍ਹਾਂ ਵਿਅਕਤੀਆਂ ਦਾ ਪੁਲਸ ਪੂਰਾ ਸਾਥ ਦੇਵੇਗੀ। ਸਰਕਾਰ ਵੱਲੋਂ ਖੋਲ੍ਹੇ ਗਏ 'ਨਸ਼ਾ ਛਡਾਊ ਕੇਂਦਰਾਂ' ਵਿਚ ਉਨ੍ਹਾਂ ਨੂੰ ਲਿਜਾਇਆ ਜਾਵੇਗਾ ਅਤੇ ਇਲਾਜ ਕਰਵਾਇਆ ਜਾਵੇਗਾ।
ਹੋਰਨਾਂ ਲਈ ਬੇਅੰਤ ਕੌਰ ਬਣੀ ਇਕ ਮਿਸਾਲ
ਪੁਲਸ ਵਿਭਾਗ ਵਿਚ ਸਮਾਜ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੀ ਬੇਅੰਤ ਕੌਰ ਹੋਰਨਾਂ ਲਈ ਇਕ ਮਿਸਾਲ ਬਣ ਗਈ ਹੈ। ਉਸ ਨੇ ਦੱਸ ਦਿੱਤਾ ਹੈ ਕਿ ਪੁਲਸ ਇਕੱਲਾ ਡੰਡਾ ਖੜਕਾਉਣਾ ਹੀ ਨਹੀਂ ਜਾਣਦੀ, ਸਗੋਂ ਮਾੜੇ ਕੰਮਾਂ 'ਚ ਲੱਗੇ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਦਾ ਕੰਮ ਵੀ ਕਰ ਸਕਦੀ ਹੈ ਅਤੇ ਲੋੜਵੰਦਾਂ ਦੀ ਮਦਦ ਵੀ ਕਰ ਸਕਦੀ ਹੈ।
ਚੰਗੇ ਉਪਰਾਲੇ ਕਰ ਰਹੀ ਹੈ ਪੰਜਾਬ ਪੁਲਸ : ਖੇਤਰ ਦੇ ਲੋਕ
ਜਦ ਇਸ ਖੇਤਰ ਦੇ ਲੋਕਾਂ ਨਾਲ ਲੱਖੇਵਾਲੀ ਪੁਲਸ ਦੀ ਕਾਰਗੁਜਾਰੀ ਬਾਰੇ ਗੱਲਬਾਤ ਕੀਤੀ ਗਈ ਤਾਂ ਸਭਨਾਂ ਦਾ ਕਹਿਣਾ ਸੀ ਕਿ ਉਹ ਪੁਲਸ ਦੇ ਨਸ਼ਾ ਛੁਡਾਉਣ ਵਾਲੇ ਕੰਮਾਂ ਤੋਂ ਖੁਸ਼ ਹਨ। ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਬਨ ਸਿੰਘ ਬਰਾੜ ਭਾਗਸਰ, ਨਰਿੰਦਰ ਸਿੰਘ ਬਰਾੜ, ਜਥੇਦਾਰ ਬਲਕਾਰ ਸਿੰਘ, ਰਾਜਵੀਰ ਸਿੰਘ ਬਰਾੜ, ਸੁਖਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਨੰਦਗੜ੍ਹ, ਪਰਮਜੀਤ ਸਿੰਘ ਬਰਾੜ ਸਰਪੰਚ ਭਾਗਸਰ, ਸ਼ੇਰਬਾਜ਼ ਸਿੰਘ ਲੱਖੇਵਾਲੀ, ਗੁਰਦੀਪ ਸਿੰਘ ਬਰਾੜ ਭਾਗਸਰ, ਪਰਮਿੰਦਰ ਸਿੰਘ ਭੁੱਲਰ ਕੋੜਿਆਂਵਾਲੀ, ਸੁਖਪਾਲ ਸਿੰਘ ਬਰਾੜ ਸੇਵਾ ਮੁਕਤ ਐੱਸ. ਡੀ. ਓ., ਹਰਚਰਨ ਸਿੰਘ ਬਰਾੜ ਚੇਅਰਮੈਨ ਪੰਜਾਬ ਪਬਲਿਕ ਸਕੂਲ ਲੱਖੇਵਾਲੀ, ਬਿਕਰਮਜੀਤ ਸਿੰਘ ਖ਼ਾਲਸਾ ਸੰਮੇਵਾਲੀ, ਸਿਮਰਜੀਤ ਸਿੰਘ ਲੱਖੇਵਾਲੀ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਕੈਂਪ ਅਤੇ ਸੈਮੀਨਾਰ ਬੇਅੰਤ ਕੌਰ ਦੀ ਅਗਵਾਈ ਹੇਠ ਲਾਏ ਜਾ ਰਹੇ ਹਨ, ਉਹ ਚੰਗਾ ਉਪਰਾਲਾ ਹੈ। ਆਮ ਲੋਕ ਪੁਲਸ ਨਾਲ ਜੁੜ ਰਹੇ ਹਨ। ਅਜਿਹੇ ਅਫ਼ਸਰ ਇਲਾਕੇ ਦੀ ਸ਼ਾਨ ਬਣ ਰਹੇ ਹਨ।
ਕਰਤਾਰਪੁਰ ਲਾਂਘੇ 'ਤੇ ਪਾਕਿ ਮੰਤਰੀ ਦੇ ਖੁਲਾਸੇ ਤੋਂ ਬਾਅਦ ਕੈਪਟਨ ਦੀ ਸਿੱਧੂ ਨੂੰ ਨਸੀਹਤ
NEXT STORY