ਸੰਗਰੂਰ (ਬੇਦੀ, ਯਾਦਵਿੰਦਰ, ਹਰਜਿੰਦਰ)— ਸੋਮਵਾਰ ਨੂੰ ਜ਼ਿਲੇ ਦੇ ਪਿੰਡ ਮਾਣਕੀ ਵਿਖੇ ਕੋਆਪਰੇਟਿਵ ਸੁਸਾਇਟੀ ਦੇ ਵਰਕਰਾਂ ਕੋਲੋ ਪੌਣੇ 12 ਲੱਖ ਰੁਪਏ ਦੀ ਕੀਤੀ ਲੁੱਟ ਦੇ ਮਾਮਲੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜ਼ਿਲਾ ਪੁਲਸ ਸੰਗਰੂਰ ਨੇ ਲੁੱਟਾਂ-ਖੋਹਾਂ ਕਾਰਨ ਵਾਲੇ ਇਕ ਗੈਂਗ ਨੂੰ ਕਾਬੂ ਕਰਕੇ ਲੁੱਟੀ ਹੋਈ ਰਕਮ ਬਰਾਮਦ ਕਰ ਲਈ ਹੈ।
ਇਸ ਸਬੰਧੀ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਪੁਲਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਨਵੰਬਰ ਨੂੰ ਪਿੰਡ ਮਾਣਕੀ ਵਿਖੇ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦੇ ਮੁਲਾਜ਼ਮਾਂ ਕੋਲੋ 11 ਲੱਖ 87 ਹਜ਼ਾਰ 900 ਰੁਪਏ ਦੀ ਲੁੱਟ ਕੀਤੀ ਸੀ, ਪੁਲਸ ਨੇ 4 ਦਿਨਾਂ ਦੇ ਅੰਦਰ ਹੀ ਇਸ ਦਾ ਪਾਰਦਾਫਾਸ਼ ਕਰਦਿਆਂ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਅਤੇ ਲੁੱਟੀ ਹੋਈ ਰਕਮ ਸਣੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਕ ਮੁਖਬਰ ਦੀ ਇਤਲਾਹ 'ਤੇ 9 ਮੈਂਬਰੀ ਲੁਟੇਰਾ ਗਿਰੋਹ ਨੂੰ ਪਿੰਡ ਕੁਠਾਲਾ ਦੇ ਬੇਅਬਾਦ ਸ਼ੈਲਰ 'ਚੋਂ ਅਸਲਾ, ਮਾਰੂ ਹਥਿਆਰਾਂ ਅਤੇ ਭਾਰੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ।
21 ਸਾਲਾ ਲਵਪ੍ਰੀਤ ਸੀ ਗੈਂਗ ਦਾ ਮੁਖੀ
ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਸ ਗੈਂਗ ਵਿਚ ਲਵਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ, ਨਰਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ, ਸੁਲਤਾਨ ਮੁਹੰਮਦ ਪੁੱਤਰ ਮੁਹੰਮਦ ਹਮੀਦ, ਬਲਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ, ਅਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਫਰਿਆਦ ਅਲੀ ਪੁੱਤਰ ਮੁਹੰਮਦ ਹਫੀਜ਼, ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ, ਭੁਪਿੰਦਰ ਸਿੰਘ ਪੁੱਤਰ ਨਾਹਰ ਸਿੰਘ ਅਤੇ ਬਖਸ਼ੀਸ਼ ਸਿੰਘ ਪੁੱਤਰ ਬੁੱਧ ਰਾਮ ਸ਼ਾਮਲ ਸਨ ਅਤੇ ਇਨ੍ਹਾਂ ਦਾ ਮੁਖੀ ਲਵਪ੍ਰੀਤ ਸਿੰਘ ਜੋ 21 ਸਾਲ ਦਾ ਨੌਜਵਾਨ ਹੈ। ਡਾ. ਗਰਗ ਨੇ ਦੱਸਿਆ ਕਿ ਗੈਂਗ ਦੇ ਬਾਕੀ ਦੋਸ਼ੀਆਂ ਵਿਚੋਂ 2 ਦੀ ਉਮਰ 40 ਸਾਲ ਦੇ ਕਰੀਬ ਅਤੇ ਬਾਕੀ 20 ਤੋਂ 25 ਸਾਲ ਦੇ ਦਰਮਿਆਨ ਹਨ। ਪੁਲਸ ਮੁਤਾਬਕ ਇਹ ਗਿਰੋਹ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਵਾਰਦਾਤ ਸਮੇਂ ਵਰਤੇ ਹਥਿਆਰ, ਵਾਹਨ ਤੇ ਰੁਪਏ ਕੀਤੇ ਬਰਾਮਦ
ਦੋਸ਼ੀਆਂ ਕੋਲੋਂ ਪੁਲਸ ਨੇ 3 ਪਿਸਤੌਲ ਦੇਸੀ 315 ਬੋਰ , 6 ਰੌਂਦ ਜਿੰਦਾ 315 ਬੋਰ, 2 ਮੋਟਰਸਾਈਕਲ, 2 ਦਾਹ ਲੋਹਾ, 2 ਰਾਡ ਲੋਹਾ, 2 ਕਿਰਪਾਨਾਂ ਅਤੇ ਲੁੱਟੀ ਰਕਮ ਬਰਾਮਦ ਕੀਤੀ ਹੈ। ਡਾ. ਗਰਗ ਨੇ ਦੱਸਿਆ ਕਿ ਉਕਤ ਗੈਂਗ ਦੇ ਦੋ ਮੈਂਬਰਾਂ ਲਵਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਲੜਾਈ ਅਤੇ ਸ਼ਰਾਬ ਤਹਿਤ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਗੈਂਗ ਦੇ 7 ਦੋਸ਼ੀ ਇਕੋ ਪਿੰਡ ਖੁਰਦ ਦੇ ਵਸਨੀਕ ਹਨ ਅਤੇ ਜਦਕਿ 1 ਹੁਸੈਨਪੁਰਾ ਅਤੇ ਇਕ ਮਾਣਕੀ ਪਿੰਡ ਦਾ ਵਸਨੀਕ ਹੈ।
ਲਾਲਚ ਤੇ ਨਸ਼ੇ ਦੀ ਪੂਰਤੀ ਲਈ ਕੀਤੀਆਂ ਲੁੱਟਾਂ
ਡਾ. ਗਰਗ ਨੇ ਦੱਸਿਆ ਕਿ ਉਕਤ ਗੈਂਗ ਦੇ ਮੈਂਬਰ ਪੈਸਿਆਂ ਦੇ ਲਾਲਚ ਅਤੇ ਨਸ਼ਿਆਂ ਦੀ ਪੂਰਤੀ ਲਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਪਿਸਤੌਲ ਇਨ੍ਹਾਂ ਨੇ ਯੂ.ਪੀ. ਤੋਂ ਖਰੀਦੇ ਸਨ।
ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਨੂੰ ਸੁਪਰੀਮ ਕੋਰਟ ਦਾ ਝਟਕਾ
NEXT STORY