ਅਬੋਹਰ(ਭਾਰਦਵਾਜ, ਰਹੇਜਾ)- ਬੱਲੂਆਣਾ ਵਿਧਾਨਸਭਾ ਹਲਕੇ ਦੇ ਪਿੰਡ ਰੁਕਨਪੁਰਾ ਖੁਈਖੇੜਾ 'ਚ ਅੱਜ ਉਸ ਸਮੇਂ ਹਫੜਾਦਫੜੀ ਮੱਚ ਗਈ ਜਦੋਂ ਪਿੰਡ ਦਾ ਹੀ ਇਕ ਵਿਅਕਤੀ ਪਿੰਡ ਦੇ ਪੁਰਾਣੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਕੇ ਆਪਣੇ ਘਰ ਲੈ ਆਇਆ, ਤਾਂ ਕਿ ਉਸ ਨੂੰ ਘਰ ਦੇ ਕੋਲ ਸਥਿਤ ਨਵੇਂ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਕੀਤਾ ਜਾ ਸਕੇ। ਘਟਨਾ ਦਾ ਪਤਾ ਲਗਦਿਆਂ ਹੀ ਜ਼ਿਲਾ ਫਾਜ਼ਿਲਕਾ ਅਤੇ ਅਬੋਹਰ ਦੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਲਵੰਡੀ ਸਾਬੋ ਤੋਂ ਆਈ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਨਮਾਨ ਸਹਿਤ ਨਵੇਂ ਗੁਰਦੁਆਰਾ ਸਾਹਿਬ 'ਚ ਸ਼ੁਸ਼ੋਭਿਤ ਕਰਵਾਇਆ। ਜਾਣਕਾਰੀ ਅਨੁਸਾਰ ਪਿੰਡ ਦਾ ਹੀ ਇਕ ਵਿਅਕਤੀ ਕੁਲਦੀਪ ਸਿੰਘ ਪੁੱਤਰ ਊਧਮ ਸਿੰਘ ਬੀਤੀ ਰਾਤ ਆਪਣੇ ਘਰ ਤੋਂ ਕੁਝ ਦੂਰੀ 'ਤੇ ਬਣੇ ਪੁਰਾਣੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਾਹਿਬ ਦੇ ਗੇਟ ਦੇ ਜਿੰਦਰੇ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੁੱਕ ਕੇ ਆਪਣੇ ਘਰ ਲੈ ਆਇਆ ਅਤੇ ਸਵੇਰੇ ਕਰੀਬ 4 ਵਜੇ ਆਪਣੇ ਘਰ ਦੇ ਕੋਲ ਬਣੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਪੁੱਜਾ। ਉੱਥੇ ਉਹ ਪਾਠੀ ਸੁਖਵਿੰਦਰ ਸਿੰਘ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਅਜੇ ਪਾਠ ਸ਼ੁਰੂ ਨਾ ਕਰਨ ਕਿਉਂਕਿ ਉਹ ਕੁਝ ਦੇਰ 'ਚ ਵਾਪਸ ਆ ਰਿਹਾ ਹੈ। ਕੁੱਝ ਸਮੇਂ ਬਾਦ ਜਦੋਂ ਉਹ ਵਾਪਸ ਗੁਰਦੁਆਰਾ ਸਾਹਿਬ 'ਚ ਆਇਆ ਤਾਂ ਉਸ ਦੇ ਸਿਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਖ ਕੇ ਪਾਠੀ ਸਿੰਘ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕਲਗੀਧਰ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਭਜਨ ਸਿੰਘ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪੁੱਜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਵੇਖਦਿਆਂ ਇਸ ਗੱਲ ਦੀ ਸੂਚਨਾ ਪੁਰਾਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਪੁਲਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੂੰ ਦਿੱਤੀ।
ਸੂਚਨਾ ਮਿਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਕੌਰ ਸਿੰਘ ਬਹਾਵਵਾਲਾ, ਗੁਰਲਾਲ ਸਿੰਘ ਦਾਨੇਵਾਲੀਆ ਮੌਕੇ 'ਤੇ ਪੁੱਜੇ ਤੇ ਇਸ ਦੀ ਸੂਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰਾਂ ਨੂੰ ਦਿੱਤੀ। ਜਿਸ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਪੰਜ ਪਿਆਰਿਆਂ ਨੂੰ ਪਿੰਡ 'ਚ ਭੇਜਿਆ ਗਿਆ। ਓਧਰ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐੱਸ. ਐੱਸ. ਪੀ. ਕੇਤਨ ਬਲਰਾਮ ਪਾਟਿਲ, ਐੱਸ. ਪੀ. ਅਮਰਜੀਤ ਸਿੰਘ ਮਟਵਾਨੀ, ਐੱਸ. ਡੀ. ਐੱਮ. ਪੂਨਮ ਸਿੰਘ, ਐੱਸ. ਪੀ. ਡੀ. ਮੁਖਤਿਆਰ ਸਿੰਘ, ਡੀ. ਐੱਸ. ਪੀ. ਗੁਰਬਿੰਦਰ ਸਿੰਘ ਸੰਘਾ, ਤਹਿਸੀਲਦਾਰ ਜੈਤ ਕੰਵਰ, ਸੀ. ਆਈ. ਡੀ. ਦੇ ਡੀ. ਐੱਸ. ਪੀ. ਅਮਰ ਸਿੰਘ ਭੁੱਲਰ, ਖੁਈਆਂ ਸਰਵਰ ਦੇ ਥਾਣਾ ਮੁਖੀ ਸੁਨੀਲ ਕੁਮਾਰ ਮੌਕੇ 'ਤੇ ਪੁੱਜੇ ਅਤੇ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲੇ ਕੁਲਦੀਪ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਪੰਜ ਪਿਆਰਿਆਂ ਨੇ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਫ਼ੈਸਲਾ ਕੀਤਾ ਕਿ ਇਸ ਪਾਵਨ ਸਰੂਪ ਨੂੰ ਹੁਣ ਪੁਰਾਣੇ ਗੁਰਦੁਆਰਾ ਸਾਹਿਬ 'ਚ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਪੁਰਾਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਬਰਾਂ ਅਤੇ ਗ੍ਰੰਥੀ ਨੂੰ ਤਲਬ ਕੀਤਾ ਅਤੇ ਨਵੇਂ ਗੁਰਦੁਆਰਾ ਸਾਹਿਬ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਸ਼ੋਭਿਤ ਕਰਵਾਇਆ ਤੇ ਸਹਿਜ ਪਾਠ ਆਰੰਭ ਕਰਵਾਉਣ ਦੇ ਨਿਰਦੇਸ਼ ਦਿੱਤੇ।
ਰੰਜਿਸ਼ਨ ਸੱਟਾਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖਮੀ
NEXT STORY