ਪਠਾਨਕੋਟ (ਧਰਮਿੰਦਰ ਠਾਕੁਰ) : ਅੱਜ ਦੁਪਹਿਰ ਵੇਲੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇਅ 'ਤੇ ਸਥਿਤ ਮੀਰਥਲ ਪੁਲਸ ਚੈੱਕ ਪੋਸਟ 'ਤੇ ਉਸ ਸਮੇਂ ਬਹੁਤ ਹਫੜਾ-ਦਫੜੀ ਮਚ ਗਈ ਜਦੋਂ ਸੀਆਈਏ ਸਟਾਫ ਵੱਲੋਂ ਚੈੱਕ ਪੋਸਟ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ ਕਿ ਕੁਝ ਗੈਂਗਸਟਰ ਇੱਕ ਕਾਰ ਵਿੱਚ ਮੀਰਥਲ ਚੈੱਕ ਪੋਸਟ ਵੱਲ ਆ ਰਹੇ ਹਨ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਪੁਲਸ ਮੀਰਥਲ ਚੈੱਕ ਪੋਸਟ 'ਤੇ ਅਲਰਟ ਹੋ ਗਈ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
ਟ੍ਰੈਫਿਕ ਜਾਮ ਅਤੇ ਪੁਲਸ ਨੂੰ ਚੌਕਸ ਦੇਖ ਕੇ, ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਪੁਲਸ 'ਤੇ ਗੋਲੀਬਾਰੀ ਵੀ ਕੀਤੀ, ਜਿਸ ਦੇ ਜਵਾਬ 'ਚ ਪੁਲਸ ਨੇ ਵੀ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਗੈਂਗਸਟਰ ਨੂੰ ਗੋਲੀ ਲੱਗ ਗਈ। ਕਾਰ ਵਿੱਚ ਤਿੰਨ ਗੈਂਗਸਟਰ ਸਵਾਰ ਸਨ, ਜੋ ਉੱਥੋਂ ਹਿਮਾਚਲ ਵੱਲ ਜਾਣ ਲੱਗੇ, ਜਿਸ ਕਾਰਨ ਪੰਜਾਬ ਪੁਲਸ ਨੇ ਹਿਮਾਚਲ ਪੁਲਸ ਦੇ ਸਹਿਯੋਗ ਨਾਲ ਹਿਮਾਚਲ ਦੇ ਇੰਦੋਰਾ ਵਿੱਚ ਸੜਕ ਨੂੰ ਰੋਕ ਦਿੱਤਾ। ਇਸ ਦੌਰਾਨ ਗੈਂਗਸਟਰਾਂ ਨੇ ਆਪਣੇ ਇੱਕ ਜ਼ਖਮੀ ਸਾਥੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਪੁਲਸ ਨੇ ਜ਼ਖਮੀ ਅਤੇ ਉਸਦੇ ਸਾਥੀ ਗੈਂਗਸਟਰ ਨੂੰ ਫੜ ਲਿਆ। ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ, ਜਿਸਨੂੰ ਹਿਮਾਚਲ ਦੇ ਕੰਡਵਾਲ ਬੈਰੀਅਰ ਤੋਂ ਫੜ ਲਿਆ ਗਿਆ। ਇਸ ਵੇਲੇ ਹਿਮਾਚਲ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਗੈਂਗਸਟਰਾਂ ਨੂੰ ਪਠਾਨਕੋਟ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਤੇ ਫਿਰ ਪਠਾਨਕੋਟ ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।
ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਖ਼ਿਲਾਫ਼ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਦੇ ਆਧਾਰ 'ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵੇਲੇ ਜ਼ਖਮੀ ਗੈਂਗਸਟਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਨਸ਼ੇ ਦੀ ਤਸਕਰੀ ਕਰਦੇ ਸਨ। ਫਿਲਹਾਲ ਪੁਲਸ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਤੋਂ ਕੀ ਬਰਾਮਦ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉੱਚੀ ਬੱਸੀ ਨਹਿਰ ਤੋਂ ਲਵਾਰਿਸ ਵਿਅਕਤੀ ਦੀ ਮਿਲੀ ਲਾਸ਼
NEXT STORY