ਚੰਡੀਗੜ੍ਹ/ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਸ ਨੇ ਪਾਕਿਸਤਾਨ ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ 9.2 ਕਿਲੋ ਹੈਰੋਇਨ (8.2 ਕਿਲੋ+1 ਕਿਲੋ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਆਪ੍ਰੇਸ਼ਨ ਦੇ ਵੇਰਵੇ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਸੂਚਨਾਵਾਂ ਦੇ ਆਧਾਰ 'ਤੇ ਏ. ਡੀ. ਸੀ. ਪੀ. ਸਿਟੀ-2 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਛੇਹਰਟਾ ਦੀਆਂ ਪੁਲਸ ਟੀਮਾਂ ਨੇ ਰਾਜਾਸਾਂਸੀ ਦੇ ਸ਼ਿਵਾ ਐਨਕਲੇਵ ਦੇ ਇਲਾਕੇ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਬਚਿੱਤਰ ਸਿੰਘ ਵਾਸੀ ਪਿੰਡ ਜਠੌਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਨੀ ਵਾਸੀ ਗੁਰੂ ਕੀ ਵਡਾਲੀ, ਛੇਹਰਟਾ ਵਜੋਂ ਹੋਈ ਹੈ। ਮੁਲਜ਼ਮ ਬਚਿੱਤਰ ਸਿੰਘ ਨੂੰ ਸਾਲ 2021 ਤੋਂ ਪੀ.ਐਸ. ਘਰਿੰਡਾ ਦੇ ਕਤਲ ਕੇਸ ਵਿੱਚ ਭਗੌੜਾ ਐਲਾਨਿਆ ਹੋਇਆ ਸੀ। ਪੁਲਸ ਟੀਮਾਂ ਨੇ 8.2 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਕੋਲੋਂ 95000 ਰੁਪਏ ਦੀ ਡਰੱਗ ਮਨੀ, ਇਕ ਇਲੈਕਟ੍ਰਾਨਿਕ ਭਾਰ ਤੋਲਣ ਵਾਲੀ ਮਸ਼ੀਨ ਅਤੇ ਸਵਿਫ਼ਟ ਕਾਰ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਐੱਨ. ਡੀ. ਪੀ. ਐੱਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 23/29 ਤਹਿਤ ਐੱਫ਼. ਆਈ. ਆਰ. ਨੰਬਰ 100 ਮਿਤੀ 27/06/2024 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
ਇੱਕ ਹੋਰ ਮਾਮਲੇ ਵਿੱਚ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ ਥਾਣਾ ਰਣਜੀਤ ਐਵੀਨਿਊ ਦੀਆਂ ਪੁਲਸ ਟੀਮਾਂ ਨੇ ਰਣਜੀਤ ਐਵੀਨਿਊ ਬਾਈਪਾਸ 'ਤੇ ਨਾਕਾਬੰਦੀ ਕਰਕੇ ਅਮਨਦੀਪ ਸਿੰਘ ਵਾਸੀ ਪਿੰਡ ਰਾਣੀਆਂ, ਲੋਪੋਕੇ, ਅੰਮ੍ਰਿਤਸਰ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਟੀਮਾਂ ਨੇ ਉਸਦੀ ਵੌਕਸਵੈਗਨ ਵੈਂਟੋ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿੱਚ ਉਹ ਜਾ ਰਿਹਾ ਸੀ।
ਇਸ ਸਬੰਧੀ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਐੱਨ. ਡੀ. ਪੀ. ਐੱਸ ਐਕਟ ਦੀ ਧਾਰਾ 21 ਸੀ ਤਹਿਤ ਐੱਫ. ਆਈ. ਆਰ. ਨੰਬਰ 91 ਮਿਤੀ 26/06/2024 ਦਰਜ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਪਾਕਿਸਤਾਨ ਅਧਾਰਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਸੂਬੇ ਭਰ ਵਿੱਚ ਸਪਲਾਈ ਕਰ ਰਹੇ ਸਨ।
ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਉਨ੍ਹਾਂ ਕਿਹਾ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਾਸਤੇ ਦੋਵਾਂ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਹੁਣ 16 ਟੋਲ ਪਲਾਜ਼ੇ ਬੰਦ, ਲੋਕਾਂ ਨੂੰ 59 ਲੱਖ ਰੁਪਏ ਦੀ ਰੋਜ਼ਾਨਾ ਮਿਲ ਰਹੀ ਰਾਹਤ : ਈ. ਟੀ. ਓ.
NEXT STORY