ਪਟਿਆਲਾ (ਪ੍ਰਤਿਭਾ) - ਸ਼ਾਹੀ ਸ਼ਹਿਰ 'ਚ 11 ਸਾਲਾਂ ਬਾਅਦ ਲੋਕਾਂ ਨੂੰ ਬੇਹੱਦ ਦਿਲਚਸਪ ਪੋਲੋ ਮੈਚ ਦੇਖਣ ਨੂੰ ਮਿਲਿਆ, ਜਿਸ 'ਚ ਪਟਿਆਲਾ ਚਾਰਜਰ ਦੀ ਟੀਮ ਨੇ ਪਟਿਆਲਾ ਰੇਡਰਜ਼ ਦੀ ਟੀਮ ਨੂੰ 4-3 ਨਾਲ ਹਰਾਇਆ। ਖਿਡਾਰੀਆਂ ਅਤੇ ਉਨ੍ਹਾਂ ਦੇ ਘੋੜਿਆਂ ਦੀ ਮੈਦਾਨ ਵਿਚ ਪੋਲੋ ਦੀ ਸ਼ਾਨਦਾਰ ਖੇਡ 'ਤੇ ਤਾੜੀਆਂ ਨਾਲ ਮੈਦਾਨ ਗੂੰਜ ਉੱਠਿਆ। ਪੋਲੋ ਵਰਲਡ ਕੱਪ ਦੇ ਕਪਤਾਨ ਰਹੇ ਕਰਨਲ ਰਵੀ ਰਾਠੌੜ, ਕਰਨਲ ਨਵਜੀਤ ਸੰਧੂ ਨੇ ਵਧੀਆ ਪ੍ਰਦਰਸ਼ਨ ਦਿਖਾਇਆ। ਆਰਮੀ ਦੀ ਵੈਸਟਰਨ ਕਮਾਂਡ ਵਲੋਂ ਸਿਵਲ ਐਵੀਏਸ਼ਨ ਕਲੱਬ ਦੇ ਨੇੜੇ ਪਟਿਆਲਾ ਪੋਲੋ ਅਤੇ ਰਾਈਡਿੰਗ ਕਲੱਬ ਵਿਚ ਪੋਲੋ ਚੈਲੇਂਜ ਮੈਚ ਕਰਵਾਇਆ ਗਿਆ। ਸੱਜੇ ਹੱਥ ਦੀ ਇਸ ਖੇਡ ਦੇ 4 ਚੱਕਰ (ਰਾਊਂਡ) ਦੇ ਮੈਚ ਦੇ ਤੀਸਰੇ ਚੱਕਰ ਤੱਕ ਦੋਵੇਂ ਹੀ ਟੀਮਾਂ ਬਰਾਬਰੀ 'ਤੇ ਰਹੀਆਂ ਅਤੇ ਆਖਰੀ ਚੱਕਰ ਵਿਚ ਪਟਿਆਲਾ ਚਾਰਜਰ ਦੀ ਟੀਮ ਜੇਤੂ ਬਣੀ। ਸੂਬਾ ਸਰਕਾਰ ਵਲੋਂ ਦਸੰਬਰ ਵਿਚ ਚੰਡੀਗੜ੍ਹ ਵਿਚ ਕਰਵਾਏ ਜਾਣ ਵਾਲੇ ਦੇਸ਼ ਦੇ ਪਹਿਲੇ ਮਿਲਟਰੀ ਲਿਟਰੇਚਰ ਸਬੰਧੀ ਇਸ ਮੈਚ ਦਾ ਆਯੋਜਨ ਕਰਵਾਇਆ ਗਿਆ। ਇਸ ਵਿਚ ਬਤੌਰ ਮੁੱਖ ਮਹਿਮਾਨ ਵੈਸਟਰਨ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਫਲਾਈ ਪਾਸਟ ਅਤੇ ਐਰੋਬੇਟਿਕ ਡਿਸਪਲੇਅ ਵਿਚ ਜਹਾਜ਼ਾਂ ਦੇ ਜੌਹਰ ਦੇਖਣ ਵਾਲੇ ਰਹੇ। ਉਸ ਤੋਂ ਬਾਅਦ 61 ਘੁੜਸਵਾਰ ਰੈਜੀਮੈਂਟ ਵਲੋਂ ਘੁੜਸਵਾਰੀ ਦੇ ਜੌਹਰ ਵੀ ਦਿਖਾਏ ਗਏ।
ਦੱਸਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਵਿਚ 2006 ਵਿਚ ਪੋਲੋ ਕੱਪ ਹੋਇਆ ਸੀ। ਉਸ ਕੱਪ ਵਿਚ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟੀਮ ਵਿਚ ਬਤੌਰ ਖਿਡਾਰੀ ਭਾਗ ਵੀ ਲਿਆ ਸੀ।
ਅਕਾਲੀ ਸਰਕਾਰ ਦੇ ਸਮੇਂ ਵਿਚ ਲੁਪਤ ਹੀ ਹੋ ਗਈ 'ਪੋਲੋ'
ਇਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਪੋਲੋ ਖੇਡ ਨੂੰ ਰਿਵਾਈਵ ਕਰਨ ਲਈ ਮੁੜ ਤੋਂ ਇਕ ਸ਼ੁਰੂਆਤ ਹੋਈ ਹੈ। ਦਸੰਬਰ ਵਿਚ ਵੀ ਚੰਡੀਗੜ੍ਹ ਵਿਚ ਪਹਿਲਾ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਅਕਾਲੀ ਸਰਕਾਰ ਨੇ 10 ਸਾਲ ਵਿਚ ਪੋਲੋ ਨੂੰ ਲੁਪਤ ਹੀ ਕਰ ਦਿੱਤਾ ਹੈ। ਇਸ ਖੇਡ ਦੇ ਵਾਧੇ ਲਈ ਕੋਈ ਕੰਮ ਨਹੀਂ ਕੀਤਾ। ਇਸ ਲਈ ਹੁਣ ਇਸ ਖੇਡ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਸ ਖੇਡ ਨੂੰ ਰਾਜਾ ਮਹਿੰਦਰ ਸਿੰਘ ਨੇ ਪਟਿਆਲਾ ਵਿਚ ਸ਼ੁਰੂ ਕਰਵਾਇਆ ਸੀ। ਹਾਲਾਂਕਿ ਖੇਡ ਨੂੰ ਇਥੇ ਲਿਆਉਣ ਵਾਲੇ ਅੰਗਰੇਜ਼ ਹੀ ਸੀ। ਰਾਜਾ ਮਹਿੰਦਰ ਸਿੰਘ ਦੇ ਪੁੱਤਰ ਰਾਜਾ ਰਾਜਿੰਦਰ ਸਿੰਘ ਨੇ ਇਸ ਖੇਡ ਨੂੰ ਜਾਰੀ ਰੱਖਿਆ ਅਤੇ ਉਸ ਤੋਂ ਬਾਅਦ ਇਕ ਲੰਮੇ ਸਮੇਂ ਤੱਕ ਪਟਿਆਲਾ ਦੀ ਟੀਮ ਦੇ ਖਿਡਾਰੀ ਹੀ ਟਾਪਰ ਰਹੇ। 47 ਖਿਡਾਰੀ ਪਟਿਆਲਾ ਦੇ ਟਾਪਰ ਰਹੇ ਹਨ ਅਤੇ 40 ਗੋਲਡ ਮੈਡਲ ਪਟਿਆਲਾ ਦੀ ਟੀਮ ਨੇ ਜਿੱਤੇ ਹਨ। ਇਸ ਵਿਚ ਜਨਰਲ ਚੰਦਾ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਕਈ ਨਾਂ ਹਨ, ਜੋ ਕਿ ਪਟਿਆਲਾ ਵਲੋਂ ਖੇਡੇ।
ਨਸ਼ੀਲੇ ਪਦਾਰਥਾਂ ਸਮੇਤ 3 ਗ੍ਰਿਫਤਾਰ
NEXT STORY