ਸ਼ੇਰਪੁਰ (ਅਨੀਸ਼) - ਇਕ ਪਾਸੇ ਆਏ ਦਿਨ ਲੱਗਦੇ ਅਣਐਲਾਨੇ ਬਿਜਲੀ ਕੱਟਾਂ ਨੇ ਗਰਮੀ ’ਚ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਦੂਜਾ ਬਿਜਲੀ ਦੇ ਰੇਟਾਂ ’ਚ ਰਿਕਾਰਡ ਤੋੜ ਵਾਧਾ ਕਰ ਕੇ ਲੋਕਾਂ ਦਾ ਦਮ ਘੁੱਟ ਦਿੱਤਾ ਗਿਆ ਹੈ। ਤੀਜੇ ਪਾਸੇ ਸਰਕਾਰੀ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਵੱਡੀ ਪੱਧਰ ’ਤੇ ਘਾਟ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਆਏ ਦਿਨ ਖੱਜਲ-ਖੁਆਰ ਹੋਣਾ ਹੈ ਰਿਹਾ ਹੈ। ਬਿਜਲੀ ਦਫ਼ਤਰ ’ਚ ਹਰ ਗਰੀਬ ਤੇ ਅਮੀਰ ਵਿਅਕਤੀ ਨੂੰ ਆਪਣੇ ਕੰਮਕਾਰ ਲਈ ਜਾਣਾ ਪੈਂਦਾ ਹੈ। ਬਿਜਲੀ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਲੋਕਾਂ ਦੇ ਕੰਮ ਕਈ-ਕਈ ਦਿਨ ਲਟਕਦੇ ਰਹਿੰਦੇ ਹਨ। ਮੁਲਾਜ਼ਮਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ-ਕਈ ਦਿਨ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ।
12 ਪਿੰਡਾਂ ਅਤੇ ਕਸਬਾ ਸ਼ੇਰਪੁਰ ਦੀਆਂ ਸੇਵਾਵਾਂ ਹੋ ਰਹੀਆਂ ਪ੍ਰਭਾਵਿਤ
ਜੇਕਰ ਕਸਬਾ ਸ਼ੇਰਪੁਰ ਦੇ ਬਿਜਲੀ ਦਫ਼ਤਰ ਦੀ ਗੱਲ ਕਰੀਏ ਜੋ 12 ਪਿੰਡਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਤਾਂ ਇੱਥੇ 94 ਮੁਲਾਜ਼ਮਾਂ ’ਚੋਂ ਸਿਰਫ਼ 46 ਪੋਸਟਾਂ ’ਤੇ ਛੋਟੇ-ਵੱਡੇ ਸਾਰੇ ਮੁਲਾਜ਼ਮ ਕੰਮ ਕਰਦੇ ਹਨ ਜਦਕਿ 48 ਪੋਸਟਾਂ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਹਨ। ਜ਼ਿਕਰਯੋਗ ਹੈ ਕਿ ਜੋ ਮੁਲਾਜ਼ਮ ਕੰਮ ਕਰਦੇ ਹਨ ਉਨ੍ਹਾਂ ’ਤੇ ਕੰਮ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਦਫ਼ਤਰ ਦਾ ਕੰਮ ਐੱਸ.ਡੀ.ਓ. ਕੁਲਜਿੰਦਰ ਸਿੰਘ ਸਿਰਫ਼ 3 ਜੇ. ਈ. ਦੇ ਆਸਰੇ ਚਲਾ ਰਹੇ ਹਨ। ਭਾਵੇਂ ਸੂਬਾ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਵੱਡੀ ਪੱਧਰ ’ਤੇ ਘਾਟ ਪਾਈ ਜਾ ਰਹੀ ਹੈ।
ਸ਼ੇਰਪੁਰ ਦਫ਼ਤਰ ’ਚ ਖਾਲੀ ਆਸਾਮੀਆਂ ਦਾ ਵੇਰਵਾ
ਪਾਵਰਕਾਮ ਦਫ਼ਤਰ ਸ਼ੇਰਪੁਰ ਵਿਖੇ ਇਸ ਸਮੇਂ ਏ.ਈ.ਈ. (ਐੱਸ.ਡੀ.ਓ. ) ਦੀ 1 ਆਸਾਮੀ, ਜੇ.ਈ ਦੀਆਂ 1 ਆਸਾਮੀਆਂ, ਲਾਈਨਮੈਨ ਦੀਆਂ 22 ਸਹਾਇਕ ਲਾਈਨਮੈਨ ਦੀਆਂ 18 ਆਸਾਮੀਆਂ, ਕਲਰਕਾਂ ਦੀਆਂ 3 ਆਸਾਮੀਆਂ, ਬੀ. ਡੀ. 2 , ਐੱਲ. ਡੀ. ਸੀ. ਕੈਸ਼ੀਅਰ 1 ਤੋਂ ਇਲਾਵਾ ਵੱਖ-ਵੱਖ ਕੈਟਾਗਿਰੀ ਦੇ ਮੁਲਾਜ਼ਮਾਂ ਸਮੇਤ 94 ’ਚੋਂ 48 ਪੋਸਟਾਂ ਖਾਲੀ ਪਈਆਂ ਹਨ। ਇਹ ਸਾਰੀਆਂ ਆਸਾਮੀਆਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਾਲੀ ਚੱਲ ਰਹੀਆਂ ਹਨ।
ਸਰਕਾਰੀ ਮਹਿਕਮੇ ਵੱਲ ਖੜ੍ਹਾ ਬਿਜਲੀ ਬਿੱਲਾਂ ਦਾ ਬਕਾਇਆ
ਥਾਣਾ ਸ਼ੇਰਪੁਰ :-16 ਲੱਖ 90 ਹਜ਼ਾਰ
ਵਾਟਰ ਬਾਕਸ ਪਿੰਡ ਖੇੜੀ ਕਲਾਂ:- 16 ਲੱਖ 44 ਹਜ਼ਾਰ
ਵਾਟਰ ਬਾਕਸ ਪਿੰਡ ਈਨਾ ਬਾਜਵਾ:- 15 ਲੱਖ 17 ਹਜ਼ਾਰ
ਵਾਟਰ ਬਾਕਸ ਪਿੰਡ ਖੇੜੀ ਖ਼ੁਰਦ : 1 ਲੱਖ 7 ਹਜ਼ਾਰ 100 ਰੁਪਏ
ਵਾਟਰ ਬਾਕਸ ਪਿੰਡ ਬੜੀ : 3 ਲੱਖ 83 ਹਜ਼ਾਰ
ਵਾਟਰ ਬਾਕਸ ਪਿੰਡ ਕਾਤਰੋਂ : 26 ਲੱਖ 83 ਹਜ਼ਾਰ
ਵਾਟਰ ਬਾਕਸ ਪਿੰਡ ਟਿੱਬਾ : 12 ਲੱਖ 33 ਹਜ਼ਾਰ
ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ : 4 ਲੱਖ 10 ਹਜ਼ਾਰ 480 ਰੁਪਏ
ਕੀ ਕਹਿੰਦੇ ਹਨ ਆਗੂ
ਇਸ ਸਬੰਧੀ ਪਬਲਿਕ ਹਿੱਤ ’ਚ ਕੰਮ ਕਰਦੀ ਸੰਸਥਾ ਪਬਲਿਕ ਹੈਲਪਲਾਈਨ ਦੇ ਪ੍ਰਧਾਨ ਐੱਡ. ਨਵਲਜੀਤ ਗਰਗ, ਐੱਡ. ਤੇਜਵਿੰਦਰ ਸਿੰਘ, ਐੱਡ. ਜਿੰਮੀ ਗਰਗ, ਜਨ ਸਹਾਰਾ ਕਲੱਬ ਦੇ ਆਗੂ ਵਿਪਨ ਗਰਗ, ਸੁਸ਼ੀਲ ਗੋਇਲ, ਚੇਤਨ ਗੋਇਲ ਪੰਚ, ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ, ਬਲਵੰਤ ਸਿੰਘ ਮਾਹਮਦਪੁਰ, ਸਰਪੰਚ ਗੁਰਦੀਪ ਸਿੰਘ ਅਲੀਪੁਰ, ਸਵਰਨਕਾਰ ਸੰਘ ਦੇ ਆਗੂ ਕੁਲਵਿੰਦਰ ਕੁਮਾਰ ਕਾਲਾ ਵਰਮਾ, ਹਰਪ੍ਰੀਤ ਸਿੰਘ ਖੀਪਲ, ਗੁਰਲਾਲ ਸਿੰਘ ਸਲੇਮਪੁਰ, ਹਰਬੰਸ ਸਿੰਘ ਸਲੇਮਪੁਰ ਅਤੇ ਵੱਖ-ਵੱਖ ਕਲੱਬਾਂ, ਪੰਚਾਇਤਾਂ, ਸੰਸਥਾਵਾਂ ਦੇ ਮੈਂਬਰਾਂ ਨੇ ਸ਼ੇਰਪੁਰ ਬਿਜਲੀ ਦਫ਼ਤਰ ਵਿਖੇ ਖਾਲੀ ਆਸਾਮੀਆਂ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਿਜਲੀ ਬਿੱਲਾਂ ਦੇ ਰੇਟ ਦੁੱਗਣੇ-ਚੌਗੁਣੇ ਕਰ ਸਕਦੀ ਹੈ ਤਾਂ ਫਿਰ ਮੁਲਾਜ਼ਮਾਂ ਦੀ ਭਰਤੀ ਕਿਉਂ ਨਹੀਂ ਕਰ ਸਕਦੀ। ਆਗੂਆਂ ਨੇ ਪਾਵਰਕਾਮ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਕੀਤਿਆਂ ਸ਼ੇਰਪੁਰ ਦਫ਼ਤਰ ਵਿਖੇ ਮੁਲਾਜ਼ਮਾਂ ਦੀਆਂ ਆਸਾਮੀਆਂ ਨੂੰ ਪੂਰਾ ਕੀਤਾ ਜਾਵੇ। ਨਹੀਂ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ।
ਕੀ ਕਹਿੰਦੇ ਹਨ ਐੱਸ. ਸੀ. ਬਰਨਾਲਾ
ਇਸ ਸਬੰਧੀ ਐੱਸ. ਸੀ. ਬਰਨਾਲਾ ਨੇ ਕਿਹਾ ਕਿ ਬੇਸ਼ੱਕ ਪੂਰੇ ਪੰਜਾਬ ’ਚ ਮੁਲਾਜ਼ਮਾਂ ਦੀ ਘਾਟ ਹੈ ਪਰ ਜਦੋਂ ਕੋਈ ਵੀ ਮੁਲਾਜ਼ਮ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸ ਨੂੰ ਸ਼ੇਰਪੁਰ ਵਿਖੇ ਪਹਿਲ ਦੇ ਆਧਾਰ ’ਤੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੋਟੀਆਂ ਸਬ-ਡਵੀਜ਼ਨਾਂ ਦੇ ਥੋੜੀ ਸਮੱਸਿਆ ਵੱਧ ਆਉਂਦੀ ਹੈ।
ਚੰਡੀਗੜ੍ਹ ਦੀ ਸ਼ਰਾਬ ਨਾਲ ਸੁਖਬੀਰ ਗ੍ਰਿਫ਼ਤਾਰ, ਮਗਰੋਂ ਜ਼ਮਾਨਤ ’ਤੇ ਰਿਹਾਅ
NEXT STORY