ਜਗਰਾਓਂ(ਜਸਬੀਰ ਸ਼ੇਤਰਾ)–ਬਰਗਾੜੀ ਕਾਂਡ ਤਿੰਨ ਸਾਲ ਬਾਅਦ ਮੁੜ ਸੁਰਖੀਆਂ 'ਚ ਹੈ। ਪੁਲਸ ਹੁਣ ਇਸ ਮਾਮਲੇ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਈ ਜਾਪਦੀ ਹੈ। ਪਿਛਲੇ ਚਾਰ ਦਿਨਾਂ ਤੋਂ ਪੰਜਾਬ ਪੁਲਸ ਅਤੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਮਾਮਲਾ ਹੱਲ ਕਰਨ ਲਈ ਦਿਨ-ਰਾਤ ਇਕ ਕਰ ਰਹੀ ਹੈ। ਜਗਰਾਓਂ ਪੁਲਸ ਦੀ ਇਸ ਸਮੁੱਚੇ ਮਾਮਲੇ ਨੂੰ ਹੱਲ ਕਰਨ 'ਚ ਅਹਿਮ ਭੂਮਿਕਾ ਬਣ ਗਈ ਹੈ। ਸੂਤਰਾਂ ਅਨੁਸਾਰ ਪਹਿਲਾ ਸੁਰਾਗ ਵੀ ਜਗਰਾਓਂ ਪੁਲਸ ਦੇ ਹੱਥ ਲੱਗਾ ਸੀ, ਜਿਸ ਮਗਰੋਂ ਇਕ ਕੜੀ ਦੂਜੀ ਕੜੀ ਨਾਲ ਜੁੜਦੀ ਹੋਈ ਮਾਮਲਾ ਹੱਲ ਹੋਣ ਦੇ ਨੇੜੇ ਪਹੁੰਚ ਗਿਆ ਹੈ।
ਪੰਜਾਬ ਪੁਲਸ ਵੱਲੋਂ ਕੋਟਕਪੂਰਾ ਨਾਲ ਸਬੰਧਤ ਪਹਿਲਾਂ ਕੁਝ ਪ੍ਰੇਮੀਆਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਕੋਟਕਪੂਰਾ ਦੇ ਹੀ ਡੇਅਰੀ ਦੇ ਧੰਦੇ ਨਾਲ ਜੁੜੇ ਪ੍ਰਦੀਪ ਸਿੰਘ ਉਰਫ ਰਾਜੂ ਨੂੰ ਵੀ ਹਿਰਾਸਤ 'ਚ ਲਏ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਉਸ ਨੂੰ ਪੁੱਛਗਿੱਛ ਲਈ ਜਗਰਾਓਂ ਲਿਆਂਦਾ ਗਿਆ ਹੈ। 'ਜਗ ਬਾਣੀ' ਟੀਮ ਜਦੋਂ ਰਾਜੂ ਦੇ ਘਰ ਪਹੁੰਚੀ ਤਾਂ ਉਥੇ ਪੁਲਸ ਦਾ ਪਹਿਰਾ ਸੀ। ਘਰ ਅੰਦਰ ਮੌਜੂਦ ਉਸ ਦੇ ਜੀਜੇ ਹਰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਪੁਲਸ ਉਸ ਨੂੰ ਵੀ ਲੈ ਗਈ ਸੀ ਪਰ ਬਾਅਦ 'ਚ ਛੱਡ ਦਿੱਤਾ। ਰਾਜੂ ਦੇ ਪਿਤਾ ਜਸਪਾਲ ਸਿੰਘ ਸਾਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਸੂਰ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੀਡੀਆ ਦੇ ਇਕ ਹਿੱਸੇ 'ਚ ਜਿਸ ਸੁਖਵਿੰਦਰ ਕੰਡਾ ਨੂੰ ਹਿਰਾਸਤ 'ਚ ਲਏ ਜਾਣ ਦੀਆਂ ਖ਼ਬਰਾਂ ਸਨ, ਉਹ ਅੱਜ ਮੁਕਤਸਰ ਰੋਡ ਕੋਟਕਪੂਰਾ ਸਥਿਤ ਆਪਣੀ ਪਾਰਸ ਡੇਅਰੀ 'ਤੇ ਕੰਮ 'ਚ ਰੁੱਝਾ ਮਿਲਿਆ। ਸੂਤਰ ਦੱਸਦੇ ਹਨ ਕਿ ਉਸ ਦੇ ਭਰਾ ਸੰਨੀ ਕੰਡਾ ਤੇ ਸੰਨੀ ਦੀ ਮਹਿਲਾ ਕਾਂਸਟੇਬਲ ਪਤਨੀ ਤੋਂ ਜਗਰਾਓਂ ਦੇ ਸੀ. ਆਈ. ਏ. ਸਟਾਫ 'ਚ ਪੁੱਛਗਿੱਛ ਹੋ ਰਹੀ ਹੈ। ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਕੋਟਕਪੂਰਾ ਦੇ ਜਿਸ ਮਹਿੰਦਰਪਾਲ ਬਿੱਟੂ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਉਸ ਦੀ ਮਨਚੰਦਾ ਬੇਕਰੀ ਅਤੇ ਘਰ ਨੂੰ ਅੱਜ ਜਿੰਦਰੇ ਲੱਗੇ ਮਿਲੇ। ਘਰ ਦੇ ਸਾਰੇ ਜੀਅ ਕਿਧਰੇ ਰੂਪੋਸ਼ ਹੋ ਗਏ ਹਨ। ਅਜਿਹਾ ਮਹਿੰਦਰਪਾਲ ਦੇ ਭਰਾ ਸੁਰਿੰਦਰ ਨੂੰ ਬੀਤੀ ਰਾਤ ਪੁਲਸ ਵੱਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਹੋਇਆ ਦੱਸਿਆ ਜਾ ਰਿਹਾ ਹੈ। ਮਹਿੰਦਰ ਪਾਲ ਦਾ ਪਾਲਮਪੁਰ 'ਚ ਡੇਅਰੀ ਦਾ ਕੰਮ ਸੀ ਅਤੇ ਪੁਲਸ ਵੱਲੋਂ ਹਿਰਾਸਤ 'ਚ ਲਏ ਗਏ ਬਹੁਤੇ ਬੰਦੇ ਡੇਅਰੀ ਦੇ ਧੰਦੇ ਨਾਲ ਹੀ ਜੁੜੇ ਹੋਏ ਹਨ। ਇਸ ਤੋਂ ਇਲਾਵਾ ਪੁਲਸ ਨੇ ਬਲਜੀਤ ਸਿੰਘ, ਚਗਾਠਾਂ ਦਾ ਕੰਮ ਕਰਦੇ ਨਿਸ਼ਾਨ ਸਿੰਘ, ਕੱਪੜੇ ਦਾ ਕੰਮ ਕਰਨ ਵਾਲੇ ਸੰਦੀਪ ਸਿੰਘ ਨੂੰ ਵੀ ਹਿਰਾਸਤ 'ਚ ਲਿਆ ਹੈ ਤੇ ਇਹ ਸਾਰੇ ਵੀ ਕੋਟਕਪੂਰਾ ਨਾਲ ਸਬੰਧਤ ਹਨ। ਪਹਿਲੀ ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ 'ਚ ਬੇਅਦਬੀ ਦੀ ਘਟਨਾ ਵਾਪਰਨ 'ਤੇ ਪੰਜਾਬ 'ਚ ਮਾਹੌਲ ਤਣਾਅਪੂਰਨ ਹੋ ਗਿਆ ਸੀ ਤੇ ਲੋਕਾਂ 'ਚ ਭਾਰੀ ਰੋਸ ਦੀ ਲਹਿਰ ਫੈਲ ਗਈ ਸੀ। ਪੁਲਸ ਵੱਲੋਂ ਹਿਰਾਸਤ 'ਚ ਲਏ ਸਾਰੇ ਸ਼ੱਕੀਆਂ ਤੋਂ ਸੀ. ਆਈ. ਏ. ਸਟਾਫ ਜਗਰਾਓਂ 'ਚ ਪੁੱਛਗਿੱਛ ਹੋ ਰਹੀ ਹੈ। ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਖੁਦ ਸੀ. ਆਈ. ਏ. ਜਗਰਾਓਂ 'ਚ ਹੋਰਨਾਂ ਅਧਿਕਾਰੀਆਂ ਨਾਲ ਮਿਲ ਕੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ। ਵੇਰਵਿਆਂ ਅਨੁਸਾਰ ਇਨ੍ਹਾਂ ਤੋਂ ਕੁਝ ਲਿਖਵਾ ਕੇ ਲਿਖਾਈ ਪਛਾਣਨ ਵਾਲੇ ਮਾਹਿਰ ਸੱਦ ਕੇ ਲਿਖਾਈ ਵੀ ਮਿਲਾਈ ਜਾ ਰਹੀ ਹੈ ਤਾਂ ਜੋ ਪੁਖਤਾ ਸਬੂਤ ਹੱਥ ਲੱਗ ਸਕਣ। ਤਾਜ਼ਾ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੁਲਸ ਨੇ ਪਿੰਡ ਰੋਮਾਣਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪਾਵਨ ਸਰੂਪ ਬਰਾਮਦ ਕੀਤਾ ਹੈ, ਜਿਸ 'ਚੋਂ ਅੰਗ ਪਾੜ ਕੇ ਬੇਅਦਬੀ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਪਰ ਕੋਈ ਵੀ ਪੁਲਸ ਅਧਿਕਾਰੀ ਇਸ ਮਾਮਲੇ 'ਚ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ। ਇਸੇ ਦੌਰਾਨ ਸੀ. ਬੀ. ਆਈ. ਵੀ ਹਰਕਤ 'ਚ ਆ ਗਈ ਹੈ ਉਸ ਨੇ ਬਰਗਾੜੀ ਬੱਸ ਅੱਡੇ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਨੇੜੇ ਨੋਟਿਸ ਚਿਪਕਾਏ ਹਨ। ਇਨ੍ਹਾਂ 'ਤੇ ਬੇਅਦਬੀ ਸਬੰਧੀ ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦੀ ਗੱਲ ਕਹਿੰਦੇ ਹੋਏ ਚਾਰ ਅਧਿਕਾਰੀਆਂ ਦੇ ਪਤੇ ਅਤੇ ਫੋਨ ਨੰਬਰ ਦਿੱਤੇ ਗਏ ਹਨ। ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਿਰਫ ਇੰਨਾ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਚਾਰ ਦਿਨ ਤੋਂ ਦਿਨ-ਰਾਤ ਪੜਤਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਮਾਮਲੇ 'ਚ ਸ਼ੱਕੀ ਹਿਰਾਸਤ 'ਚ ਲੈਣ ਤੋਂ ਬਾਅਦ ਜਗਰਾਓਂ ਪੁਲਸ ਪੈੜ ਨੱਪਦੀ ਹੋਈ ਬਰਗਾੜੀ ਕਾਂਡ ਦੀ ਦਿਸ਼ਾ ਵੱਲ ਵਧੀ ਤੇ ਕੜੀ ਜੋੜਦੀ ਹੋਈ ਕਾਫੀ ਹੱਦ ਤੱਕ ਮਾਮਲਾ ਹੱਲ ਕਰਨ ਨੇੜੇ ਪਹੁੰਚ ਗਈ ਹੈ। ਉਨ੍ਹਾਂ ਕੁਝ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉੱਚ ਪੁਲਸ ਅਧਿਕਾਰੀ ਹੀ ਜਾਂਚ ਮੁਕੰਮਲ ਹੋਣ 'ਤੇ ਸਮੁੱਚੇ ਮਾਮਲੇ ਦਾ ਖੁਲਾਸਾ ਕਰਨਗੇ।
‘ਬਾਲ- ਮਜ਼ਦੂਰੀ ਖਾਤਮਾ ਸਪਤਾਹ’ ਤਹਿਤ ਰੈਸਟੋਰੈਂਟਾਂ ਤੇ ਢਾਬਿਆਂ ਦੀ ਚੈਕਿੰਗ
NEXT STORY