ਅੰਮ੍ਰਿਤਸਰ, (ਸੰਜੀਵ)- ਸਨੈਚਿੰਗ ਦੀਆਂ ਵਾਰਦਾਤਾਂ ਨੂੰ ਕਾਊਂਟਰ ਕਰਨ ਲਈ ਜਿਥੇ ਪੁਲਸ ਨੇ ਵਿਸ਼ੇਸ਼ ਰਣਨੀਤੀ ਤਿਆਰ ਕਰ ਲਈ ਹੈ, ਉਥੇ ਹੀ ਜੁਰਮ 'ਤੇ ਨਕੇਲ ਪਾਉਣ ਲਈ ਹਰ ਜ਼ਿਲੇ ਦੀ ਮੈਪਿੰਗ ਵੀ ਕਰਵਾਈ ਜਾ ਰਹੀ ਹੈ। ਇਹ ਕਹਿਣਾ ਹੈ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਦਾ, ਜੋ ਰਾਜ ਵਿਚ ਲਗਾਤਾਰ ਪੁਲਸ-ਪਬਲਿਕ ਸੰਬੰਧਾਂ ਨੂੰ ਦੋਸਤਾਨਾ ਬਣਾਉਣ ਦੀ ਕੋਸ਼ਿਸ਼ 'ਚ ਰੁੱਝੇ ਹੋਏ ਹਨ। ਅੱਜ ਉਨ੍ਹਾਂ ਨੇ ਬੀਟ ਸਿਸਟਮ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸਮੇਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ।
ਏ. ਡੀ. ਜੀ. ਪੀ. ਨੇ ਕਿਹਾ ਕਿ ਸਨੈਚਿੰਗ ਅਤੇ ਜੁਰਮ 'ਤੇ ਕਾਬੂ ਪਾਉਣ ਲਈ ਬੀਟ ਸਿਸਟਮ ਕਾਰਗਰ ਸਾਬਿਤ ਹੋ ਸਕਦਾ ਹੈ। ਕਿਸੇ ਵੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਬੀਟ 'ਤੇ ਤਾਇਨਾਤ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਣਗੇ। ਉਨ੍ਹਾਂ ਸੰਵੇਦਨਸ਼ੀਲ ਖੇਤਰਾਂ ਤੋਂ ਇਲਾਵਾ ਸ਼ਹਿਰ ਵਿਚ ਸਪੈਸ਼ਲ ਨਾਕਿਆਂ ਅਤੇ ਪੁਲਸ ਵੱਲੋਂ ਗਸ਼ਤ ਲਾਏ ਜਾਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਪੁਲਸ ਦੀ ਹਾਜ਼ਰੀ ਮੁਲਜ਼ਮਾਂ ਦੇ ਮਨਾਂ ਵਿਚ ਅਜਿਹਾ ਖੌਫ ਪੈਦਾ ਕਰ ਦੇਵੇਗੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਵਾਰ ਸੋਚਣਾ ਹੋਵੇਗਾ।
ਸਨੈਚਿੰਗ ਦੀਆਂ ਵਾਰਦਾਤਾਂ ਨੂੰ 2 ਤਰ੍ਹਾਂ ਦੇ ਲੁਟੇਰੇ ਸਰਅੰਜਾਮ ਦੇ ਰਹੇ ਹਨ, ਜਿਨ੍ਹਾਂ 'ਚ ਇਕ ਤਾਂ ਪ੍ਰੋਫੈਸ਼ਨਲ ਹੈ ਅਤੇ ਦੂਜੇ ਉਹ ਲੋਕ ਹਨ ਜੋ ਆਸਾਨੀ ਨਾਲ ਪੈਸਾ ਇਕੱਠਾ ਕਰ ਕੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਲਈ ਪੁਲਸ ਵੱਲੋਂ ਕੌਂਸਲਿੰਗ ਸਿਸਟਮ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਪੁਲਸ ਅਧਿਕਾਰੀ ਨਸ਼ਾ ਕਰਨ ਵਾਲੇ ਨੂੰ ਇਸ ਨੂੰ ਛੱਡਣ ਅਤੇ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨਗੇ। ਏ. ਡੀ. ਜੀ. ਪੀ. ਰੋਹਿਤ ਚੌਧਰੀ ਅੱਜ ਕਬੀਰ ਪਾਰਕ, ਪੁਲਸ ਲਾਈਨ ਅਤੇ ਖੰਨਾ ਪੇਪਰ ਮਿੱਲ ਵੀ ਗਏ, ਜਿਥੇ ਉਨ੍ਹਾਂ ਨੇ ਪੁਲਸ-ਪਬਲਿਕ ਮੀਟਿੰਗ ਕੀਤੀ।
ਮੀਟਿੰਗ 'ਚ ਲੋਕਾਂ ਨੇ ਜਿਥੇ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਉਥੇ ਹੀ ਇਸ ਗੱਲ 'ਤੇ ਵੀ ਚਰਚਾ ਹੋਈ ਕਿ ਹਰ ਨਾਗਰਿਕ ਨੂੰ ਕਾਨੂੰਨ ਨਾਲ ਜੋੜਿਆ ਜਾਵੇ ਤਾਂ ਕਿ ਉਸ ਦੇ ਮਨ ਵਿਚ ਜੁਰਮ ਤੋਂ ਪਹਿਲਾਂ ਕਾਨੂੰਨ ਦਾ ਖੌਫ ਹੋਵੇ। ਅੱਜ ਦੀਆਂ ਮੀਟਿੰਗਾਂ 'ਚ ਉਨ੍ਹਾਂ ਨਾਲ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ, ਡੀ. ਸੀ. ਪੀ. ਅਮਰੀਕ ਸਿੰਘ ਪਵਾਰ, ਏ. ਡੀ. ਸੀ. ਪੀ. ਲਖਬੀਰ ਸਿੰਘ, ਖੰਨਾ ਪੇਪਰ ਮਿੱਲ ਦੇ ਪੰਜਾਬ ਸਟੇਟ ਕਮੇਟੀ ਦੇ ਚੇਅਰਮੈਨ ਸੁਨੀਤ ਕੋਛੜ ਅਤੇ ਜ਼ਿਲੇ ਦੀ ਐੱਨ. ਜੀ. ਓ. ਦੇ ਨੁਮਾਇੰਦੇ ਮੌਜੂਦ ਸਨ।
ਸਨੈਚਿੰਗ ਦੇ ਵੱਧ ਰਹੇ ਗ੍ਰਾਫ ਤੋਂ ਨਹੀਂ ਕੀਤਾ ਇਨਕਾਰ : ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਵੱਧ ਰਹੀਆਂ ਸਨੈਚਿੰਗ ਦੀਆਂ ਵਾਰਦਾਤਾਂ ਤੋਂ ਇਨਕਾਰ ਨਹੀਂ ਕੀਤਾ ਪਰ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਪੁਲਸ ਵੱਲੋਂ ਚੁੱਕੇ ਜਾ ਰਹੇ ਠੋਸ ਕਦਮਾਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਪੁਲਸ ਆਪਣੀ ਰਣਨੀਤੀ ਤਹਿਤ 'ਤੇ ਸਨੈਚਰਾਂ ਅਤੇ ਮੁਲਜ਼ਮਾਂ 'ਤੇ ਨਕੇਲ ਪਾ ਲਵੇਗੀ ਤੇ ਰਾਜ ਨੂੰ ਪੂਰੀ ਤਰ੍ਹਾਂ ਜੁਰਮ-ਮੁਕਤ ਕਰ ਦਿੱਤਾ ਜਾਵੇਗਾ।
ਗੱਡੀਆਂ 'ਚ ਦਾਰੂ ਪੀਣ ਵਾਲਿਆਂ ਦੀ ਆਵੇਗੀ ਸ਼ਾਮਤ : ਸਿਵਲ ਲਾਈਨ ਅਤੇ ਸ਼ਹਿਰ ਦੇ ਹੋਰ ਖੇਤਰਾਂ 'ਚ ਖਾਣ-ਪੀਣ ਦੀਆਂ ਦੁਕਾਨਾਂ ਦੇ ਬਾਹਰ ਗੱਡੀਆਂ ਖੜ੍ਹੀਆਂ ਕਰ ਕੇ ਦਾਰੂ ਪੀਣ ਦਾ ਵੱਧ ਰਿਹਾ ਰੁਝਾਨ ਕਿਤੇ ਨਾ ਕਿਤੇ ਅਪਰਾਧਿਕ ਵਾਰਦਾਤਾਂ ਨੂੰ ਜਨਮ ਦੇ ਰਿਹਾ ਹੈ। ਏ. ਡੀ. ਜੀ. ਪੀ. ਨੇ ਖਾਸ ਤੌਰ 'ਤੇ ਕਿਹਾ ਕਿ ਅਜਿਹੇ ਸਥਾਨਾਂ 'ਤੇ ਪੁਲਸ ਪੂਰੀ ਤਰ੍ਹਾਂ ਸ਼ਿਕੰਜਾ ਕੱਸੇਗੀ, ਜਿਥੇ ਨੌਜਵਾਨ ਆਪਣੀਆਂ ਗੱਡੀਆਂ ਲਾ ਕੇ ਉਸ ਵਿਚ ਬੈਠ ਕੇ ਦਾਰੂ ਪੀਂਦੇ ਵਿਖਾਈ ਦਿੰਦੇ ਹਨ।
ਵਾਰਦਾਤਾਂ ਨੂੰ ਲੈ ਕੇ ਹੋ ਰਹੀ ਮੈਪਿੰਗ : ਏ. ਡੀ. ਜੀ. ਪੀ. ਨੇ ਕਿਹਾ ਕਿ ਹਰ ਜ਼ਿਲੇ ਵਿਚ ਹੋ ਰਹੀਆਂ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਸ ਵੱਲੋਂ ਮੈਪਿੰਗ ਕਰਵਾਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਕਰਨ ਦੀ ਸੌਖ ਹੋਵੇਗੀ ਜਿਥੇ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਇਨ੍ਹਾਂ ਖੇਤਰਾਂ ਵਿਚ ਪੁਲਸ ਚੌਕਸੀ ਵਧਾਉਣ 'ਤੇ ਵੀ ਉਨ੍ਹਾਂ ਨੇ ਜ਼ੋਰ ਦਿੱਤਾ।
ਰਸੋਈ ਗੈਸ ਦੇ ਰੇਟ 'ਚ ਵਾਧੇ ਖਿਲਾਫ ਪ੍ਰਦਰਸ਼ਨ
NEXT STORY