ਰੂਪਨਗਰ (ਸੱਜਣ ਸਿੰਘ)— ਜ਼ਿਲ੍ਹਾ ਜੇਲ੍ਹ ਤੋਂ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਲਿਆਂਦਾ ਕੈਦੀ ਪੁਲਸ ਹਿਰਾਸਤ 'ਚੋਂ ਫਰਾਰ ਹੋ ਗਿਆ। ਦੇਰ ਸ਼ਾਮ ਤਕ ਸਿਟੀ ਪੁਲਸ ਕੈਦੀ ਦੀ ਭਾਲ ਕਰਦੀ ਰਹੀ ਪਰ ਖਬਰ ਲਿਖੇ ਜਾਣ ਤਕ ਕੈਦੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਦੋਸ਼ੀ ਸੁਨੀਲ ਕੁਮਾਰ ਪੁੱਤਰ ਰਾਮ ਸ਼ੰਕਰ ਵਾਸੀ ਪਿੰਡ ਸ਼ਾਮਪੁਰ ਨੂੰ ਕਾਲਾ ਪੀਲੀਆ ਹੈ, ਜਿਸ ਦੌਰਾਨ ਸਿਵਿਲ ਹਸਪਤਾਲ ਦੇ ਡਾਕਟਰ ਨੇ ਐੱਚ.ਆਈ.ਵੀ. ਟੈਸਟ ਕਰਵਾਉਣ ਲਈ ਭੇਜਿਆ ਸੀ ਤੇ ਐੱਚ.ਆਈ.ਵੀ. ਟੈਸਟ ਸੈਂਟਰ ਤੋਂ ਦੋਸ਼ੀ ਪੁਲਸ ਹਿਰਾਸਤ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਜ਼ਿਲ੍ਹੇ ਦੇ ਸੁਪਰੀਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਖਿਲਾਫ ਕੁਰਾਲੀ ਤੇ ਖਰੜ 'ਚ ਇਕ-ਇਕ ਐੱਫ.ਆਈ.ਆਰ. ਦਰਜ ਹੈ। ਸੁਨੀਲ ਕੁਮਾਰ ਖਿਲਾਫ ਕੁਰਾਲੀ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਤੇ ਖਰੜ 'ਚ ਚੋਰੀ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ 14 ਜੁਲਾਈ 2019 ਨੂੰ ਜੇਲ 'ਚ ਲਿਆਂਦਾ ਗਿਆ ਸੀ। ਉਸ ਤੋਂ ਪਹਿਲਾਂ ਸੁਨੀਲ ਖਿਲਾਫ ਖਰੜ ਪੁਲਸ ਸਟੇਸ਼ਨ 'ਚ ਸਾਲ 2018 'ਚ ਐੱਫ.ਆਈ.ਆਰ. ਨੰਬਰ 2 ਆਈ.ਪੀ.ਸੀ. ਦੀ ਧਾਰਾ 457, 380, 411 ਦੇ ਤਹਿਤ ਚੋਰੀ ਦਾ ਦੋਸ਼ ਦਰਜ ਹੈ। ਥਾਣਾ ਸਿਟੀ ਦੇ ਐੱਸ.ਐੱਚ.ਓ. ਹਰਕੀਰਤ ਸਿੰਘ ਨੇ ਕਿਹਾ ਕਿ ਵਿਚਾਰ ਅਧੀਨ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਕੇਸ 'ਚ ਕਾਰਵਾਈ ਕੀਤੀ ਜਾ ਰਹੀ ਹੈ।
ਬਾਜਵਾ ਨੇ ਸ਼ੇਅਰੋਂ-ਸ਼ਾਇਰੀ ਰਾਹੀਂ ਕੈਪਟਨ ਨੂੰ ਵੰਗਾਰਿਆ
NEXT STORY