ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮੁੱਖ ਸਪੋਕਸਪਰਸਨ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਵਲੋਂ ਨਿੱਜੀ ਯੂਨੀਵਰਸਿਟੀਆਂ ਨੂੰ ਨਿਯਮਾਂ-ਕਾਨੂੰਨਾਂ 'ਚ ਵੱਡੀਆਂ ਛੋਟਾਂ ਦਿੱਤੇ ਜਾਣ ਨੂੰ ਗਲਤ ਦੱਸਿਆ ਹੈ। 'ਆਪ' ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਿਵੇਂ ਬਾਦਲ ਸਰਕਾਰ ਨੇ ਸਰਕਾਰੀ ਸਿੱਖਿਆ ਸੰਸਥਾਵਾਂ, ਹਸਪਤਾਲਾਂ ਅਤੇ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਨਿੱਜੀ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ, ਪ੍ਰਾਈਵੇਟ ਸਿੱਖਿਆ ਸੰਸਥਾਵਾਂ, ਹਸਪਤਾਲਾਂ ਅਤੇ ਨਿੱਜੀ ਥਰਮਲ ਪਲਾਂਟਾਂ 'ਤੇ 'ਮਿਹਰਾਂ' ਕੀਤੀਆਂ ਸਨ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਉਸੇ ਤਰ੍ਹਾਂ ਹੀ ਕਰ ਰਹੀ ਹੈ।
ਪ੍ਰਾਈਵੇਟ ਯੂਨੀਵਰਸਿਟੀਆਂ ਲਈ ਘੱਟੋ-ਘੱਟ 35 ਏਕੜ ਦੀ ਸ਼ਰਤ ਨੂੰ ਨਰਮ ਕਰ ਕੇ 25 ਏਕੜ ਤੱਕ ਲਿਆਉਣਾ ਇਸ ਦੀ ਤਾਜ਼ਾ ਮਿਸਾਲ ਹੈ। ਇਸ ਤਰ੍ਹਾਂ ਪ੍ਰਾਈਵੇਟ ਲੋਕਾਂ 'ਤੇ ਮਿਹਰਬਾਨੀ ਕਰਨ 'ਚ ਕੈਪਟਨ ਸਰਕਾਰ ਬਾਦਲਾਂ ਨੂੰ ਵੀ ਮਾਤ ਪਾਉਣ ਲੱਗੀ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਾਈਵੇਟ ਕੰਪਨੀਆਂ/ ਸੰਸਥਾਵਾਂ ਦੀ ਵਿਰੋਧੀ ਨਹੀਂ ਹੈ ਪਰ ਆਮ ਆਦਮੀ ਦੀ ਪਹੁੰਚ 'ਚ ਰਹਿੰਦੀਆਂ ਸਰਕਾਰੀ ਸੰਸਥਾਵਾਂ ਦੀ ਕੀਮਤ 'ਤੇ ਸਿੱਖਿਆ ਦਾ ਵਪਾਰ ਕਰਦੇ ਅਦਾਰਿਆਂ 'ਤੇ ਸਰਕਾਰੀ ਮਿਹਰਬਾਨੀਆਂ ਦਾ ਡਟ ਕੇ ਵਿਰੋਧ ਕਰਦੀ ਹੈ।
ਮਾਮਲਾ ਹਰਮੇਲ ਦਾਸ ਦੇ ਕਤਲ ਦਾ: ਪਤਨੀ ਅਤੇ ਸਾਥੀ 2 ਦਿਨਾਂ ਦੇ ਪੁਲਸ ਰਿਮਾਂਡ 'ਤੇ
NEXT STORY