ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਪੁਲਸ ਦੇ ਡੀ. ਆਈ. ਜੀ. ਰੋਪੜ ਗੁਰਪ੍ਰੀਤ ਸਿੰਘ ਭੁੱਲਰ ਨੇ ਮੋਹਾਲੀ ਦੀ ਨਿੱਜੀ ਯੂਨੀਵਰਸਿਟੀ ਮਾਮਲੇ 'ਚ ਕਿਹਾ ਕਿ ਜਾਂਚ ਸਹੀ ਟਰੈਕ ’ਤੇ ਚੱਲ ਰਹੀ ਹੈ ਤੇ ਲੋਕ ਅਫ਼ਵਾਹਾਂ ’ਤੇ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਕੇਸ 'ਚ ਸਭ ਤੋਂ ਅਹਿਮ ਸਬੂਤ ਫਾਰੈਂਸਿਕ ਡਾਟਾ ਹੈ, ਜੋ ਕਿ ਮੁਲਜ਼ਮ ਵਿਦਿਆਰਥਣ ਤੇ ਉਸ ਦੇ ਸਾਥੀਆਂ ਦੇ ਮੋਬਾਇਲ ਫ਼ੋਨਾਂ ਤੇ ਹੋਰ ਡਿਵਾਈਸਾਂ ਤੋਂ ਹਾਸਲ ਹੋਣਾ ਹੈ। ਫਾਰੈਂਸਿਕ ਰਿਪੋਰਟ ਤੋਂ ਹੀ ਇਹ ਵੀ ਸਪੱਸ਼ਟ ਹੋ ਜਵੇਗਾ ਕਿ ਮੁਲਜ਼ਮ ਵਿਦਿਆਰਥਣ ਵੱਲੋਂ ਕਿੰਨੀਆਂ ਤੇ ਕਿਸ-ਕਿਸ ਦੀਆਂ ਵੀਡੀਓਜ਼ ਬਣਾਈਆਂ ਗਈਆਂ ਸਨ। ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਕਿ ਨਿੱਜੀ ਯੂਨੀਵਰਸਿਟੀ ਦੀ ਮੁਲਜ਼ਮ ਵਿਦਿਆਰਥਣ ਦੇ ਮੋਬਾਇਲ ਫ਼ੋਨ ਦੀ ਜਾਂਚ ਕਰਨ ’ਤੇ ਉਸ 'ਚੋਂ ਦਰਜਨ ਭਰ ਹੋਰ ਵੀਡੀਓਜ਼ ਮਿਲੇ ਹਨ, ਜਿਨ੍ਹਾਂ 'ਚ ਹੋਰ ਵਿਦਿਆਰਥਣਾਂ ਦੇ ਵੀਡੀਓਜ਼ ਵੀ ਹਨ, ਨੂੰ ਗਲਤ ਸੂਚਨਾ ਕਰਾਰ ਦਿੰਦਿਆ ਡੀ. ਆਈ. ਜੀ. ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜੇ ਅਜਿਹਾ ਕੁੱਝ ਨਹੀਂ ਹੈ ਕਿਉਂਕਿ ਮੋਬਾਇਲ ਫ਼ੋਨ ਫਾਰੈਂਸਿਕ ਜਾਂਚ ਲਈ ਭੇਜ ਹੋਏ ਹਨ ਅਤੇ ਉਥੋਂ ਅਜਿਹੀ ਕੋਈ ਸੂਚਨਾ ਹਾਸਲ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖ਼ਬਰ : ਵਿਸ਼ਵ ਬੈਂਕ ਨੇ ਪੰਜਾਬ ਨੂੰ ਦਿੱਤਾ 150 ਮਿਲੀਅਨ ਡਾਲਰ ਦਾ ਕਰਜ਼ਾ
ਐੱਸ. ਆਈ. ਟੀ. ਇੰਚਾਰਜ ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਫਾਰੈਂਸਿਕ ਜਾਂਚ ਹੋਣ ਤੋਂ ਪਹਿਲਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਲਸ ਵਾਰ-ਵਾਰ ਇਹੀ ਅਪੀਲ ਕਰ ਰਹੀ ਹੈ ਕਿ ਤੱਥਹੀਣ ਗੱਲਾਂ ’ਤੇ ਲੋਕ ਯਕੀਨ ਨਾ ਕਰਨ, ਫਾਰੈਂਸਿਕ ਰਿਪੋਰਟ ਆਉਣ ’ਤੇ ਸਭ ਕੁੱਝ ਸਪੱਸ਼ਟ ਹੋ ਜਾਵੇਗਾ। ਡੀ. ਆਈ. ਜੀ. ਭੁੱਲਰ ਨੇ ਕਿਹਾ ਕਿ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਨਾ ਸਿਰਫ਼ ਮੁਲਜ਼ਮ ਵਿਦਿਆਰਥਣ ਨੂੰ ਨਿੱਜੀ ਯੂਨੀਵਰਸਿਟੀ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਸਗੋਂ ਉਸ ਕੋਲੋਂ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਦੇ 2 ਦੋਸਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਭੁੱਲਰ ਨੇ ਕਿਹਾ ਕਿ ਕਿਉਂਕਿ ਇਹ ਸਾਈਬਰ ਨਾਲ ਜੁੜਿਆ ਮਾਮਲਾ ਹੈ, ਇਸ ਲਈ ਇਨ੍ਹਾਂ ਮੁਲਜ਼ਮਾਂ ਦੇ ਮੋਬਾਇਲ ਫ਼ੋਨ, ਲੈਪਟਾਪ ਤੇ ਹੋਰ ਇਲੈਟ੍ਰਾਨਿਕ ਡਿਵਾਈਸ ਵੀ ਕਬਜ਼ੇ 'ਚ ਲਏ ਗਏ ਸਨ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ 'ਚ ਲੱਗਣਗੇ CCTV ਕੈਮਰੇ, ਬੰਬ ਧਮਾਕੇ ਦੇ 9 ਮਹੀਨਿਆਂ ਬਾਅਦ ਮਿਲੀ ਮਨਜ਼ੂਰੀ
ਇਸ ਮਾਮਲੇ 'ਚ ਹਾਲਾਂਕਿ ਸਬੰਧਿਤ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ, ਜਿਨ੍ਹਾਂ 'ਚ ਹੋਸਟਲ ਵਾਰਡਨ ਤੇ ਹੋਰ ਸਟਾਫ਼ ਵੀ ਸ਼ਾਮਲ ਹੈ ਪਰ ਸਭ ਤੋਂ ਮਹੱਤਵਪੂਰਣ ਸਬੂਤ ਕੁੜੀ ਤੇ ਉਸਦੇ ਦੋਸਤਾਂ ਦੇ ਮੋਬਾਇਲ ਫ਼ੋਨ ਹਨ। ਇਨ੍ਹਾਂ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਜਾ ਚੁੱਕਿਆ ਹੈ ਤੇ ਫਾਰੈਂਸਿਕ ਲੈਬ ਵੱਲੋਂ ਡਿਟੇਲ ਸਾਂਝੀ ਹੋਣ ਦੇ ਨਾਲ ਹੀ ਮਾਮਲੇ 'ਚ ਅੱਗੇ ਦਾ ਐਕਸ਼ਨ ਤੈਅ ਹੋਵੇਗਾ ਕਿਉਂਕਿ ਫਾਰੈਂਸਿਕ ਐਵੀਡੈਂਸ ਤੋਂ ਕੋਈ ਵੀ ਮੁੱਕਰ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਡੀ. ਜੀ. ਪੀ. ਗੌਰਵ ਯਾਦਵ ਵਲੋਂ ਗਠਿਤ ਕੀਤੀ ਗਈ ਆਲ ਵੁਮੈੱਨ ਐੱਸ. ਆਈ. ਟੀ. ਦੀ ਇੰਚਾਰਜ ਐੱਸ. ਪੀ. ਰੁਪਿੰਦਰ ਕੌਰ ਭੱਟੀ ਤੇ ਉਨ੍ਹਾਂ ਦੀ ਟੀਮ ਵੱਲੋਂ ਸੀਨ ਆਫ਼ ਕ੍ਰਾਈਮ ਦਾ ਦੌਰਾ ਕਰਕੇ ਜਾਣਕਾਰੀ ਜੁਟਾਈ ਗਈ ਹੈ ਤੇ ਨਾਲ ਹੀ ਪੰਜਾਬ ਪੁਲਸ ਦੇ ਸਟੇਟ ਫਾਰੈਂਸਿਕ ਐਕਸਪਰਟ ਟੀਮ ਵੱਲੋਂ ਵੀ ਸੀਨ ਆਫ਼ ਕ੍ਰਾਈਮ ਦਾ ਦੌਰਾ ਕਰਕੇ ਤੱਥ ਜੁਟਾਏ ਗਏ ਹਨ। ਡੀ. ਆਈ. ਜੀ. ਭੁੱਲਰ ਨੇ ਕਿਹਾ ਕਿ ਇਸ ਮਾਮਲੇ 'ਚ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਵਿਦਿਆਰਥਣਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰਕੇ ਬਲੈਕਮੇਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਾਂ ਫਿਰ ਝੂਠੀ ਜਾਣਕਾਰੀ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੀ ਵੀ ਜਾਂਚ ਸ਼ਰੂ ਕਰ ਦਿੱਤੀ ਗਈ ਹੈ ਤੇ ਲੋੜ ਪੈਣ ’ਤੇ ਇਸ ਲਈ ਵੱਖਰੇ ਤੌਰ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 'ਸਵਾਈਨ ਫਲੂ' ਦੇ ਕਹਿਰ ਨੇ ਵਧਾਈ ਲੁਧਿਆਣਵੀਆਂ ਦੀ ਚਿੰਤਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਐੱਸ. ਆਈ. ਟੀ. ਵਲੋਂ ਜਾਂਚ ਸ਼ੁਰੂ
ਨਿੱਜੀ ਯੂਨੀਵਰਿਸਟੀ 'ਚ ਬੀਤੇ ਦਿਨੀਂ ਹੋਏ ਅਸ਼ਲੀਲ ਵੀਡੀਓ ਵਾਇਰਲ ਕਾਂਡ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਐੱਸ. ਆਈ. ਟੀ. ਦੇ ਮੈਂਬਰ ਖਰੜ ਸਦਰ ਥਾਣੇ 'ਚ ਪਹੁੰਚੇ ਅਤੇ ਉਨ੍ਹਾਂ ਮੁਲਜ਼ਮਾਂ ਨਾਲ ਗੱਲਬਾਤ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਵੀਡੀਓ ਲੀਕ ਮਾਮਲੇ 'ਚ ਸਰਕਾਰ ਵੱਲੋਂ ਇਕ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜਿਸ ਦੀ ਨਿਗਰਾਨੀ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਗੁਰਪ੍ਰੀਤ ਕੌਰ ਭੁੱਲਰ ਕਰ ਰਹੇ ਹਨ। ਇਸ ਟੀਮ ਵਿਚ ਐੱਸ. ਪੀ. ਰੁਪਿੰਦਰ ਕੌਰ ਭੱਟੀ ਅਤੇ ਡੀ. ਐੱਸ. ਪੀ. ਖਰੜ ਰੁਪਿੰਦਰ ਕੌਰ ਸੋਹੀ ਅਤੇ ਡੀ. ਐੱਸ. ਪੀ. ਦੀਪਿਕਾ ਸਿੰਘ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਝਗੜੇ 'ਚ ਜਵਾਈ ਤੇ ਸੱਸ ਦਾ ਕਤਲ
NEXT STORY