ਗੋਨਿਆਣਾ(ਗੋਰਾ ਲਾਲ)-ਪਿੰਡ ਬਲਾਹੜ ਮਹਿਮਾ ਵਿਖੇ ਡੇਢ ਸਾਲ ਪਹਿਲਾਂ ਅਕਾਲੀ ਸਰਕਾਰ ਦੌਰਾਨ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਜਲ ਘਰ ਬਣਾਇਆ ਗਿਆ ਸੀ। ਪਰ ਉਕਤ ਜਲ ਘਰ ਤੋਂ ਪਿੰਡ ਵਾਸੀਆਂ ਨੂੰ ਹੁਣ ਤਕ ਪਾਣੀ ਦੀ ਇਕ ਬੂੰਦ ਵੀ ਨਹੀਂ ਮਿਲੀ। ਪਿੰਡ ਦੇ ਲੋਕਾਂ ਨੇ ਗੁੱਸੇ 'ਚ ਆ ਕੇ ਨਵੇਂ ਬਣੇ ਜਲ ਘਰ ਦੀ ਟੈਂਕੀ 'ਤੇ ਚੜ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਖਾਲੀ ਘੜੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਖੇਤ ਮਜ਼ਦੂਰ ਯੂਨੀਅਨ ਪ੍ਰਧਾਨ ਬੋਗੜ ਸਿੰਘ, ਪੰਚ ਮੱਖਣ ਸਿੰਘ, ਸੁਲੱਖਣ ਸਿੰਘ, ਭਜਨ ਸਿੰਘ, ਦਰਸ਼ਨ ਖਾਨ, ਰਜਿੰਦਰ ਸਿੰਘ ਰੂਪ ਸਿੰਘ, ਬੂਟਾ ਸਿੰਘ, ਰੂਪ ਸਿੰਘ , ਸਾਧੂ ਰਾਮ, ਸਾਬਕਾ ਪੰਚ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਹੜ ਮਹਿਮਾ ਦੀ ਦਲਿਤ ਕਾਲੋਨੀ ਅਤੇ ਕੋਠੇ ਮੋਦਨ ਸਿੰਘ ਵਾਲੇ ਪੁਰਾਣੇ ਜਲ ਘਰ ਦੇ ਪਾਣੀ ਨੂੰ 20 ਸਾਲਾਂ ਤੋਂ ਤਰਸ ਰਹੇ ਹਨ। ਪਿੰਡ ਦੇ ਲੋਕਾਂ ਨੇ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਖ਼ਿਲਾਫ਼ ਜਲ ਘਰ 'ਚ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਦੋਂ ਸੰਬੰਧਿਤ ਵਿਭਾਗ ਦਾ ਕੋਈ ਅਧਿਕਾਰੀ ਉਥੇ ਨਾ ਪੁੱਜਾ ਤਾਂ ਉਕਤ ਧਰਨਾਕਾਰੀਆਂ ਵਲੋਂ ਆਕਲੀਆਂ ਕਲਾਂ ਸੰਪਰਕ ਸੜਕ 'ਤੇ ਧਰਨਾ ਮਾਰ ਦਿੱਤਾ ਗਿਆ ਤੇ ਕੁਝ ਲੋਕ ਪਾਣੀ ਵਾਲੀ ਨਵੀਂ ਟੈਂਕੀ 'ਤੇ ਚੜ੍ਹ ਗਏ। ਇਸ ਸੰਬੰਧੀ ਸਾਬਕਾ ਸਰਪੰਚ ਸਿੰਕਦਰ ਸਿੰਘ ਬਰਾੜ ਨੇ ਦੱਸਿਆ ਕਿ ਜਲ ਘਰ ਦੇ ਪਾਣੀ ਦੇ ਫਿਲਟਰ ਦਾ ਪਹਿਲਾ ਟੈਂਡਰ 40 ਲੱਖ ਵਿਚ ਪਾਸ ਹੋਇਆ ਸੀ। ਜਿਸ ਨੂੰ ਅਕਾਲੀ ਸਰਕਾਰ ਨੇ ਖਾਰਜ ਕਰਕੇ 20 ਲੱਖ ਰੁਪਏ ਵਿਚ ਦੁਬਾਰਾ ਪਾਸ ਕਰ ਦਿੱਤਾ ਸੀ। ਹੁਣ ਸੰਬੰਧਿਤ ਵਿਭਾਗ ਜਾਣ ਬੁਝ ਕੇ ਖਰਾਬ ਕਰ ਰਿਹਾ। ਇਸ ਮੌਕੇ ਗੋਨਿਆਣਾ ਮੰਡੀ ਦੀ ਚੌਕੀ ਇੰਚਾਰਜ ਸੁਖਵਿੰਦਰ ਕੌਰ ਭਾਰੀ ਫੋਰਸ ਲੈ ਕੇ ਪਹੁੰਚੀ। ਇਸ ਮੌਕੇ ਜੇ. ਈ. ਧਰਮਪਾਲ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਜਲ ਵਿਭਾਗ ਦੇ ਐੱਸ. ਡੀ. ਓ. ਤੇ ਐਕਸੀਅਨ ਬਠਿੰਡਾ ਵਲੋਂ ਡੇਢ ਮਹੀਨੇ ਵਿਚ ਜਲ ਘਰ ਨੂੰ ਚਾਲੂ ਕਰਨ ਦਾ ਭਰੋਸਾ ਦੇ ਕੇ ਧਰਨੇ ਦੀ ਸਮਾਪਤੀ ਕਰਵਾਈ।
ਚੋਰੀ ਦੀ ਕਾਰ ਵੇਚਣ ਜਾਂਦੇ 2 ਕਾਬੂ
NEXT STORY