ਗੁਰੂਹਰਸਹਾਏ(ਆਵਲਾ)—ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਬੀਤੇ ਦਿਨੀਂ ਬਾਜੇ ਕੇ ਵਿਚ ਹੋਈ ਘਟਨਾ ਦੌਰਾਨ ਪਿੰਡ ਦੇ ਹੀ ਕਾਂਗਰਸੀ ਵਰਕਰ ਕਸ਼ਮੀਰ ਲਾਲ ਵੱਲੋਂ ਹਾਕਮ ਚੰਦ ਦੀ ਮਾਲਕੀ ਜ਼ਮੀਨ 'ਤੇ ਕਬਜ਼ਾ ਕਰਨ, ਮੋਟਰਾਂ ਦੀ ਦੁਕਾਨ ਨੂੰ ਜੇ. ਸੀ. ਬੀ. ਮਸ਼ੀਨ ਨਾਲ ਡੇਗ ਕੇ ਦੁਕਾਨ ਦਾ ਸਾਰਾ ਸਾਮਾਨ ਚੁੱਕ ਕੇ ਲਿਜਾਣ ਅਤੇ ਹਾਕਮ ਚੰਦ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਨ ਤੇ ਪੁਲਸ ਦੀ ਗੁੰਡਾਗਰਦੀ ਨੂੰ ਰੋਕਣ ਲਈ ਅੱਜ ਗੁਰੂਹਰਸਹਾਏ ਦੇ ਥਾਣੇ ਦਾ ਘਿਰਾਓ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਬਲਾਕ ਸੈਕਟਰੀ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ, ਜ਼ਿਲਾ ਕਮੇਟੀ ਦੇ ਮੈਂਬਰ ਕਾਮਰੇਡ ਹਰੀ ਚੰਦ ਬਹਾਦਰ ਕੇ ਤੇ ਕਾਰਜਕਾਰੀ ਮੈਂਬਰ ਕਾਮਰੇਡ ਢੋਲਾ ਮਾਹੀ ਨੇ ਕਿਹਾ ਕਿ 12 ਅਕਤੂਬਰ ਨੂੰ ਕਸ਼ਮੀਰ ਲਾਲ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਹਾਕਮ ਚੰਦ ਦੀ ਮਾਲਕੀ ਜ਼ਮੀਨ 5 ਮਰਲੇ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਅਤੇ ਪੀੜਤ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਉਨ੍ਹਾਂ ਦੀ ਦੁਕਾਨ ਡੇਗ ਕੇ ਸਾਮਾਨ ਖੁਰਦ-ਬੁਰਦ ਕਰ ਦਿੱਤਾ, ਜਿਸ ਸਬੰਧ ਵਿਚ ਪੀੜਤ ਪਰਿਵਾਰ ਨੇ ਥਾਣਾ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ ਪਰ ਉਲਟਾ ਹਾਕਮ ਚੰਦ ਦੇ ਪਰਿਵਾਰ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ।
ਹੁਣ ਤੱਕ ਨਹੀਂ ਹੋਈ ਦੋਸ਼ੀਆਂ 'ਤੇ ਕਾਰਵਾਈ
ਇਸ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ ਦਾ ਇਕ ਪ੍ਰਤੀਨਿਧ ਮੰਡਲ ਐੱਸ. ਐੱਸ. ਪੀ. ਫਿਰੋਜ਼ਪੁਰ ਤੇ ਡੀ. ਐੱਸ. ਪੀ. ਗੁਰੂਹਰਸਹਾਏ ਨੂੰ ਮਿਲਿਆ ਪਰ ਇਨ੍ਹਾਂ ਅਧਿਕਾਰੀਆਂ ਨੇ ਵੀ ਦੋਸ਼ੀਆਂ ਖਿਲਾਫ ਹੁਣ ਤੱਕ ਕਾਰਵਾਈ ਨਹੀਂ ਕੀਤੀ ਅਤੇ ਟਾਲ-ਮਟੋਲ ਕੀਤਾ ਹੈ, ਜਿਸ ਕਾਰਨ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਿਆ ਹੈ। ਕਾਮਰੇਡ ਆਗੂਆਂ ਨੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਾਰੀ ਘਟਨਾ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ਼ਹਿ 'ਤੇ ਹੀ ਦੋਸ਼ੀ ਵਾਰਦਾਤ ਕਰਨ ਤੋਂ ਬਾਅਦ ਸ਼ਰੇਆਮ ਘੁੰਮ ਰਹੇ ਹਨ। ਦੂਸਰੇ ਪਾਸੇ ਪੀੜਤ ਪਰਿਵਾਰ 'ਤੇ ਵਾਰਦਾਤ ਵਾਲੇ ਦਿਨ ਹੀ ਪਰਚਾ ਦਰਜ ਹੋ ਗਿਆ ਸੀ।
ਪੁਲਸ ਦੀ ਮਿਲੀਭੁਗਤ ਨਾਲ ਹੋ ਰਹੀ ਹੈ ਗੁੰਡਾਗਰਦੀ
ਦੂਸਰੇ ਪਾਸੇ ਪੀੜਤ ਪਰਿਵਾਰ 'ਤੇ ਵਾਰਦਾਤ ਵਾਲੇ ਦਿਨ ਹੀ ਪਰਚਾ ਦਰਜ ਹੋ ਗਿਆ ਸੀ। ਉਕਤ ਆਗੂਆਂ ਨੇ ਥਾਣਾ ਮੁਖੀ 'ਤੇ ਦੋਸ਼ ਲਾਉਂਦੇ ਕਿਹਾ ਕਿ ਕਸ਼ਮੀਰ ਲਾਲ ਰਾਣਾ ਸੋਢੀ ਦਾ ਖਾਸ ਹੈ, ਇਸ ਲਈ ਕਸ਼ਮੀਰ ਲਾਲ ਵੱਲੋਂ ਸ਼ਰੇਆਮ ਹਾਕਮ ਚੰਦ ਦੀ ਮਾਲਕੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਏਰੀਆ ਵਿਚ ਗੁੰਡਾਗਰਦੀ ਪੁਲਸ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਪਿਆਰਾ ਸਿੰਘ ਤੇ ਕਾਮਰੇਡ ਬਲਵੰਤ ਚੌਹਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ 'ਤੇ ਅਕਾਲੀ ਸਰਕਾਰ ਤੋਂ ਵੀ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਹੈ ਅਤੇ ਦੋਸ਼ੀਆਂ 'ਤੇ ਕਾਰਵਾਈ ਦੀ ਬਜਾਏ ਉਨ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜ ਕੁਮਾਰ ਬਹਾਦਰ ਕੇ, ਜੀਤ ਕੁਮਾਰ ਚੌਹਾਨ, ਕਾਮਰੇਡ ਸਤਨਾਮ ਚੰਦ ਬਾਜੇ ਕੇ, ਮਲਕੀਤ ਥਿੰਦ ਆਮ ਆਦਮੀ ਪਾਰਟੀ, ਤਿਲਕ ਰਾਜ ਸਰਪੰਚ, ਸੁਰਜੀਤ ਮੇਘਾ, ਤੇਜਾ ਅਮੀਰ ਖਾਸ, ਪ੍ਰੇਮ ਬਹਾਦਰ ਕੇ, ਰਣਜੀਤ ਸਿੰਘ, ਸੁਰਜੀਤ ਕੌਰ, ਸੁਖਮਿੰਦਰ ਬਾਜ ਕੇ ਆਦਿ ਮੌਜੂਦ ਸਨ।
ਡੀ. ਐੱਸ. ਪੀ. ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਚੁੱਕਿਆ ਧਰਨਾ
ਇਸ ਦੌਰਾਨ ਡੀ. ਐੱਸ. ਪੀ. ਲਖਵੀਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਧਰਨਾ ਚੁੱਕ ਲਿਆ ਗਿਆ।
ਨਹਿਰ 'ਚ ਡੁੱਬੀ ਕਾਰ ਨੂੰ 6 ਦਿਨ ਬਾਅਦ ਕੱਢਿਆ
NEXT STORY