ਮਾਮਲਾ ਲੰਮੇ ਸਮੇਂ ਤੋਂ ਮੰਡੀਆਂ 'ਚ ਝੋਨੇ ਦੀ ਬੋਲੀ ਨਾ ਹੋਣ ਦਾ
ਮੌੜ ਮੰਡੀ(ਪ੍ਰਵੀਨ)-ਝੋਨੇ ਦੀ ਬੋਲੀ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਨਿਰਵਿਘਨ ਧਰਨੇ ਨੂੰ ਪਿਛਲੇ 5 ਦਿਨਾਂ ਤੋਂ ਅਣਗੌਲਿਆਂ ਕਰਨਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਲਈ ਉਸ ਸਮੇਂ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ, ਜਦੋਂ ਅੱਜ ਭੜਕੇ ਹੋਏ ਕਿਸਾਨਾਂ ਨੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਆਪਣਾ ਧਰਨਾ ਫਾਟਕਾਂ ਤੋਂ ਚੁੱਕ ਕੇ ਦਿੱਲੀ-ਫ਼ਿਰੋਜ਼ਪੁਰ ਰੇਲਵੇ ਲਾਈਨ 'ਤੇ ਲਾ ਦਿੱਤਾ ਅਤੇ ਪੰਜਾਬ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਧਰਨੇ ਕਾਰਨ ਦੋ ਯਾਤਰੀ ਗੱਡੀਆਂ ਨੂੰ ਬਠਿੰਡਾ ਅਤੇ ਮਾਨਸਾ ਦੇ ਰੇਲਵੇ ਸਟੇਸ਼ਨਾਂ 'ਤੇ ਰੋਕਣਾ ਪਿਆ। ਅੱਜ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਬਲਦੇਵ ਸਿੰਘ ਸੰਦੋਹਾ, ਬਲਵਿੰਦਰ ਸਿੰਘ ਜੋਧਪੁਰ, ਰੇਸ਼ਮ ਸਿੰਘ ਯਾਤਰੀ, ਮੁਖਤਿਆਰ ਸਿੰਘ ਕੁੱਬੇ, ਮਹਿੰਦਰ ਸਿੰਘ, ਜੋਧਾ ਸਿੰਘ ਨਗਲਾ, ਪਰਮਿੰਦਰ ਸਿੰਘ ਗਹਿਰੀ, ਬਲਜਿੰਦਰਜੀਤ ਸਿੰਘ ਜੋਧਪੁਰ, ਜਸਵਿੰਦਰ ਸਿੰਘ ਗਹਿਰੀ, ਸੁਖਦਰਸ਼ਨ ਸਿੰਘ ਖੇਮੂਆਣਾ, ਗੁਰਮੇਲ ਸਿੰਘ ਲਹਿਰਾ, ਜੋਧਾ ਸਿੰਘ ਨਗਲਾ, ਮਹਿੰਦਰ ਸਿੰਘ ਮਾਈਸਰਖਾਨਾ, ਗੁਰਦਿੱਤਾ ਸਿੰਘ ਮਾਈਸਰਖਾਨਾ, ਮੰਗਾ ਸਿੰਘ ਚੱਠੇਵਾਲ, ਭੋਲਾ ਸਿੰਘ ਕੋਟੜਾ ਆਦਿ ਨੇ ਰੇਲਵੇ ਲਾਈਨ 'ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਇਕ ਮਹੀਨੇ ਤੋਂ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ 'ਚ ਰੁਲ ਰਹੇ ਹਨ ਅਤੇ ਫਸਲ ਨੂੰ ਵੇਚਣ ਲਈ ਧਰਨੇ ਆਦਿ ਲਾ ਰਹੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਲੁਕਾ-ਛਿਪੀ ਖੇਡ ਰਿਹਾ ਹੈ ਤਾਂ ਜੋ ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀ, ਖਰੀਦ ਏਜੰਸੀਆਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀਏ ਕਿਸਾਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਣ ਅਤੇ ਉਨ੍ਹਾਂ ਦੀ ਆਰਥਿਕ ਲੁੱਟ ਕਰਨ ਲਈ ਰਲ-ਮਿਲ ਕੇ ਸ਼ਾਤਰ ਚਾਲਾਂ ਚੱਲ ਰਹੇ ਹਨ, ਜਿਸ ਕਾਰਨ ਮਜਬੂਰੀ ਕਾਰਨ ਅੱਜ ਕਿਸਾਨਾਂ ਨੂੰ ਆਪਣੀ ਆਰਥਿਕ ਲੁੱਟ ਰੋਕਣ ਅਤੇ ਆਪਣੀਆਂ ਫਸਲਾਂ ਵੇਚਣ ਲਈ ਰੇਲ ਗੱਡੀਆਂ ਰੋਕਣ ਤੱਕ ਮਜਬੂਰ ਹੋਣਾ ਪੈ ਰਿਹਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਦਬਾਉਣ ਲਈ ਚਾਹੇ ਕਿੰਨਾ ਵੀ ਜ਼ੋਰ ਲਾ ਲਵੇ ਪਰ ਹੁਣ ਕਿਸਾਨ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਆਪਣਾ ਹੱਕ ਲੈਣਾ ਜਾਣਦੇ ਹਨ ਅਤੇ ਦੁਨੀਆ ਦੀ ਕੋਈ ਵੀ ਤਾਕਤ ਹੁਣ ਉਨ੍ਹਾਂ ਨੂੰ ਦਬਾ ਨਹੀਂ ਸਕਦੀ। ਉਧਰ, ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਦੀ ਗੱਲ ਸੁਣਨ ਤੋਂ ਕੰਨੀ ਕਤਰਾ ਰਿਹਾ ਪ੍ਰਸ਼ਾਸਨ ਰੇਲਵੇ ਲਾਈਨ 'ਤੇ ਧਰਨੇ ਦੀ ਖਬਰ ਸੁਣਦੇ ਹੋਏ ਤੁਰੰਤ ਹਰਕਤ 'ਚ ਆ ਗਿਆ ਅਤੇ ਜਦੋਂ ਕਿਸਾਨ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਤੋਂ ਅੱਕੇ ਲਗਾਤਾਰ 2 ਘੰਟੇ ਰੇਲਵੇ ਲਾਈਨ 'ਤੇ ਬੈਠੇ ਰਹੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਨਾ ਬਿਹਤਰ ਸਮਝਿਆ। ਇਸ ਦੌਰਾਨ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਐੱਸ. ਡੀ. ਐੱਮ. ਮੌੜ ਵਰਿੰਦਰ ਸਿੰਘ ਨੇ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤਿੰਨ ਦਿਨਾਂ 'ਚ ਕਿਸਾਨਾਂ ਦੀ ਸਾਰੀਆਂ ਮੰਡੀਆਂ 'ਚੋਂ ਫਸਲ ਚੁੱਕ ਲਈ ਜਾਵੇਗੀ। ਐੱਸ. ਡੀ. ਐੱਮ. ਵੱਲੋਂ ਦਿਵਾਏ ਗਏ ਇਸ ਵਿਸ਼ਵਾਸ ਤੋਂ ਬਾਅਦ ਇਕ ਵਾਰ ਕਿਸਾਨਾਂ ਨੇ ਸ਼ਾਮ 6:00 ਵਜੇ ਆਪਣਾ ਧਰਨਾ ਖਤਮ ਕਰ ਦਿੱਤਾ ਸੀ। ਇਸ ਮੌਕੇ ਐੱਸ. ਡੀ. ਐੱਮ. ਮੌੜ ਨਾਲ ਡੀ. ਐੱਸ. ਪੀ. ਤਲਵੰਡੀ ਸਾਬੋ ਵਰਿੰਦਰ ਸਿੰਘ, ਤਹਿਸੀਲਦਾਰ ਸਰੋਜ ਰਾਣੀ ਅਤੇ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਮੌਜੂਦ ਸਨ। ਇਸ ਸਮੇਂ ਕਿਸਾਨ ਯੂਨੀਅਨ ਸਿੱਧੂਪਰ ਦੇ ਆਗੂਆਂ ਬਲਦੇਵ ਸਿੰਘ ਸੰਦੋਹਾ ਜ਼ਿਲਾ ਪ੍ਰਧਾਨ ਅਤੇ ਰੇਸ਼ਮ ਸਿੰਘ ਜਾਤਰੀ ਸੂਬਾ ਸਕੱਤਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਤਾਂ ਉਹ ਸੂਬਾ ਪੱਧਰੀ ਮੀਟਿੰਗ ਬੁਲਾ ਕੇ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਸਟੇਸ਼ਨ ਮਾਸਟਰ ਅਸ਼ੋਕ ਕੁਮਾਰ ਅਰੋੜਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਰੇਲਵੇ ਲਾਈਨ ਜਾਮ ਕੀਤੇ ਜਾਣ ਕਾਰਨ ਦੋ ਯਾਤਰੀ ਗੱਡੀਆਂ 54641 ਦਿੱਲੀ-ਫਿਰੋਜ਼ਪੁਰ ਅੱਪ ਨੂੰ ਮਾਨਸਾ ਵਿਖੇ ਅਤੇ ਫਿਰੋਜ਼ਪੁਰ-ਦਿੱਲੀ ਡਾਊਨ ਨੂੰ ਬਠਿੰਡਾ ਵਿਖੇ ਰੋਕਿਆ ਗਿਆ ਅਤੇ ਰੇਲਵੇ ਲਾਈਨ ਜਾਮ ਸਬੰਧੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।
ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਦੋਸ਼ੀ ਪੁਲਸ ਰਿਮਾਂਡ 'ਤੇ
NEXT STORY