ਸੁਨਾਮ ਊਧਮ ਸਿੰਘ ਵਾਲਾ(ਮੰਗਲਾ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਸੁਨਾਮ (ਜ਼ਿਲਾ ਸੰਗਰੂਰ) ਦੀ ਅਗਵਾਈ ਹੇਠ ਸੈਂਕੜੇ ਖੇਤ ਮਜ਼ਦੂਰ ਮਰਦ ਅਤੇ ਔਰਤਾਂ ਨੇ ਮਾਤਾ ਮੋਦੀ ਪਾਰਕ 'ਚ ਇਕੱਠੇ ਹੋ ਕੇ ਬੀ. ਡੀ. ਪੀ. ਓ. ਦਫਤਰ ਤੱਕ ਮੁਜ਼ਾਹਰਾ ਕਰ ਕੇ ਧਰਨਾ ਦਿੱਤਾ । ਇਸ ਸਮੇਂ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਤੇ ਬਲਾਕ ਮੂਨਕ ਦੇ ਪ੍ਰਧਾਨ ਗੋਪੀ ਕਲੱਰਭੈਣੀ ਨੇ ਦੱਸਿਆ ਕਿ ਖੇਤ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਵਾਉਣ, ਮਕਾਨ ਬਨਾਉਣ ਲਈ 3 ਲੱਖ ਰੁਪਏ ਗ੍ਰਾਂਟ ਲੈਣ, ਖੇਤ ਮਜ਼ਦੂਰਾਂ ਦਾ ਪੂਰਾ ਕਰਜ਼ਾ ਮੁਆਫ ਕਰਵਾਉਣ ਤੇ ਮਜ਼ਦੂਰ-ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਵਾਉਣ, ਖੁਦਕੁਸ਼ੀ ਕਰ ਗਏ ਮਜ਼ਦੂਰ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ , ਪਿਛਲੇ ਸਾਲਾਂ ਦੇ ਮਨਰੇਗਾ ਦੇ ਰੁਕੇ ਬਕਾਏ ਤੁਰੰਤ ਜਾਰੀ ਕਰਵਾਉਣ ਤੇ ਬੰਦ ਕੀਤੇ ਸਰਕਾਰੀ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਇਹ ਧਰਨਾ ਲਾਇਆ ਗਿਆ ।ਇਸ ਸਮੇਂ ਬੀ. ਡੀ. ਪੀ. ਓ. ਸੁਨਾਮ ਰਾਹੀਂ ਪੰਜਾਬ ਸਰਕਾਰ ਦੇ ਨਾਂ ਮਜ਼ਦੂਰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਤੇ ਮਜ਼ਦੂਰਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਅਲਾਟ ਕਰਵਾਉਣ ਲਈ ਪਿੰਡਾਂ ਵਿਚ ਭਰੇ ਫਾਰਮ ਵੀ ਬੀ. ਡੀ. ਪੀ. ਓ. ਸੁਨਾਮ ਨੂੰ ਦਿੱਤੇ ਗਏ । ਸ਼੍ਰੀ ਮੂਨਕ ਨੇ ਕਿਹਾ ਕਿ ਮਜ਼ਦੂਰਾਂ ਦਾ ਪੂਰਾ ਕਰਜ਼ਾ ਮੁਆਫ ਕਰਵਾਉਣ ਤੇ ਜ਼ਮੀਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹੁਸ਼ਿਆਰ ਸਿੰਘ ਤੇ ਵੱਖ-ਵੱਖ ਇਕਾਈਆਂ ਦੇ ਆਗੂ ਕਰਨੈਲ ਸਿੰਘ, ਗੁਰਮੇਲ ਸਿੰਘ ਕਣਕਵਾਲ, ਜੰਗੀਰ ਸਿੰਘ, ਗੁਰਚਰਨ ਸਿੰਘ ਗੰਢੂਆਂ, ਹਰਪਾਲ ਕੌਰ ਫਤਿਹਗੜ੍ਹ, ਅਵਤਾਰ ਸਿੰਘ ਭੈਣੀ, ਕੇਵਲ ਸਿੰਘ ਛਾਜਲੀ, ਗੁਰਦੇਵ ਕੌਰ, ਮੁਖਤਿਆਰ ਸਿੰਘ ਜਖੇਪਲ, ਸ਼ਿੰਦਰ ਕੌਰ ਮੋਜੇਵਾਲ, ਬੱਲਾ ਸਿੰਘ ਦੋਲੇਵਾਲ ਤੇ ਅਮਰੀਕ ਸਿੰਘ ਕੋਹਰੀਆਂ ਆਦਿ ਨੇ ਸੰਬੋਧਨ ਕੀਤਾ।
ਮਜ਼ਦੂਰਾਂ ਵੱਲੋਂ ਲੇਬਰ ਦਫਤਰ ਮੂਹਰੇ ਧਰਨਾ
NEXT STORY