ਬਠਿੰਡਾ(ਸੁਖਵਿੰਦਰ)-ਆਈ. ਟੀ. ਆਈ. ਵਿਖੇ ਚੱਲ ਰਹੀ ਪ੍ਰੀਖਿਆ ਵਿਚ ਕੁਝ ਵਿਦਿਆਰਥੀਆਂ ਨੂੰ ਦਾਖਲ ਨਾ ਹੋਣ ਦੇਣ 'ਤੇ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਕੇਂਦਰ 'ਚ ਤਾਇਨਾਤ ਮੁਲਾਜ਼ਮਾਂ ਖਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਜਤਾਇਆ ਗਿਆ। ਇਸ ਤੋਂ ਬਾਅਦ ਮਾਮਲਾ ਗਰਮਾਉਂਦਾ ਵੇਖ ਆਈ. ਟੀ. ਆਈ. ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਬਿਠਾਇਆ ਗਿਆ। ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਆਈ. ਟੀ. ਆਈ. ਦੇ ਸੰਚਾਲਕ ਪ੍ਰਦੀਪ ਬਾਂਸਲ ਨੇ ਦੱਸਿਆ ਕਿ ਆਈ. ਟੀ. ਆਈ. ਵਿਖੇ ਇਲੈਕਟ੍ਰੀਸ਼ੀਅਨ ਤੀਜੇ ਸਮੈਸਟਰ ਦੀ ਪ੍ਰੀਖਿਆ ਚੱਲ ਰਹੀ ਹੈ, ਜਿਸ ਦਾ ਬੁੱਧਵਾਰ ਨੂੰ ਪਹਿਲਾ ਪੇਪਰ ਹੋਣਾ ਸੀ। ਉਨ੍ਹਾਂ ਕਿਹਾ ਕਿ ਸੰਸਥਾ ਵਿਚ ਪੇਪਰ ਦੇਣ ਲਈ ਆਉਂਦੇ ਲਗਭਗ ਸਾਰੇ ਵਿਦਿਆਰਥੀ ਦੂਰ ਦੇ ਪਿੰਡਾਂ ਨਾਲ ਸਬੰਧਤ ਹਨ। ਇਸ ਕਾਰਨ ਲਗਭਗ 20-25 ਵਿਦਿਆਰਥੀ 10 ਵਜੇ ਦੇ ਕਰੀਬ ਸੰਸਥਾ ਦੇ ਗੇਟ 'ਤੇ ਪਹੁੰਚ ਗਏ ਸਨ ਪਰ ਪ੍ਰੀਖਿਆ ਵਿਚ ਤਾਇਨਾਤ ਕੁਝ ਮੁਲਾਜ਼ਮਾਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਗੇਟ ਬੰਦ ਕਰ ਦਿੱਤਾ ਗਿਆ। ਇਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਦੇਣ ਲਈ ਆਏ ਵਿਦਿਆਰਥੀ ਸੁਖਰਾਜ ਸਿੰਘ, ਸ਼ਾਮ ਸੁੰਦਰ, ਚਰਕਿਟ ਸਿੰਘ, ਲਾਭ ਸਿੰਘ, ਕੁਲਦੀਪ ਸਿੰਘ, ਦਿਨੇਸ਼ ਕੁਮਾਰ ਨੇ ਰੋਸ ਜਤਾਇਆ ਕਿ ਕੁਝ ਮੁਲਾਜ਼ਮਾਂ ਵੱਲੋਂ ਨਿੱਜੀ ਸੰਸਥਾਵਾਂ 'ਚ ਜਾਤੀ ਗੁੱਸੇ ਦਾ ਸ਼ਿਕਾਰ ਉਨ੍ਹਾਂ ਵਿਦਿਆਰਥੀਆਂ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪ੍ਰੀਖਿਆ 'ਚ ਦਾਖਲ ਨਾ ਹੋਣ ਦੇਣ ਕਾਰਨ ਉਨ੍ਹਾਂ ਨੂੰ ਆਪਣਾ ਸਾਲ ਬਰਬਾਦ ਹੋਣ ਦੀ ਚਿੰਤਾ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰੀਖਿਆ ਵਿਚ ਦਾਖਲ ਹੋਣ ਤੋਂ ਬਾਅਦ ਵੀ ਜਾਣਬੁਝ ਕੇ ਉਨ੍ਹਾਂ ਦਾ ਸਮਾਂ ਬਰਬਾਦ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ਆਈ. ਟੀ. ਆਈ. ਪ੍ਰਸ਼ੋਤਮ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਜਾਣਬੁਝ ਕੇ ਪ੍ਰੀਖਿਆ ਕੇਂਦਰ 'ਚ ਜਾਣ ਤੋਂ ਨਹੀਂ ਰੋਕਿਆ, ਬਲਕਿ ਕੁਝ ਵਿਦਿਆਰਥੀ ਦੇਰੀ ਨਾਲ ਪ੍ਰੀਖਿਆ ਕੇਂਦਰ 'ਚ ਪਹੁੰਚੇ ਸਨ ਤੇ ਪੇਪਰ ਸ਼ੁਰੂ ਹੋ ਚੁੱਕਾ ਸੀ, ਉਨ੍ਹਾਂ ਦੀ ਮੁਸ਼ਕਲ ਜਾਨਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਬਿਠਾਇਆ ਗਿਆ।
ਨਾਜਾਇਜ਼ ਸ਼ਰਾਬ ਸਣੇ 1 ਨੂੰ ਕੀਤਾ ਕਾਬੂ
NEXT STORY