ਜ਼ੀਰਾ(ਗੁਰਮੇਲ ਸੇਖ਼ਵਾਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਰਕਾਰੀ ਸਕੂਲਾਂ ਵਿਚ ਦਾਖਲ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਵਾਪਸ ਭੇਜੇ ਜਾਣ, ਵਰਕਰਾਂ/ਹੈਲਪਰਾਂ ਨੂੰ ਹਰਿਆਣਾ ਅਤੇ ਦਿੱਲੀ ਪੈਟਰਨ 'ਤੇ ਮਾਣ- ਭੱਤਾ ਦਿੱਤੇ ਜਾਣ ਅਤੇ ਰੋਕੇ ਹੋਏ ਬਿੱਲਾਂ ਨੂੰ ਪਾਸ ਕੀਤੇ ਜਾਣ ਦੀ ਮੰਗ ਨੂੰ ਸਰਕਾਰ ਵੱਲੋਂ ਨਾ ਮੰਨੇ ਜਾਣ 'ਤੇ ਮਹਿਲਾ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈ ਕੇ ਸ਼ਹਿਰ 'ਚ ਰੋਸ ਮਾਰਚ ਕੀਤਾ। ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਹਿਲਾਂ ਰੋਸ ਮਾਰਚ ਕੀਤਾ ਤੇ ਫਿਰ ਜ਼ੀਰਾ-ਝਤਰੇ ਚੌਕ ਵਿਚ ਸਰਕਾਰ ਖਿਲਾਫ ਧਰਨਾ ਦੇ ਕੇ ਨਾਅਰੇਬਾਜ਼ੀ ਕਰਦਿਆਂ ਕੁਲ ਹਿੰਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ। ਆਗੂਆਂ ਨੇ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਜਥੇਬੰਦੀ ਵੱਲੋਂ ਬਠਿੰਡਾ ਵਿਖੇ ਵਿੱਤ ਮੰਤਰੀ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ ਅਤੇ ਪੂਰੇ ਪੰਜਾਬ ਵਿਚ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਕੁਲਵਿੰਦਰ ਕੌਰ ਸ਼ਾਹਵਾਲਾ ਪ੍ਰਧਾਨ, ਰਾਜਵੀਰ ਕੌਰ ਮੀਤ ਪ੍ਰਧਾਨ, ਪਰਮਜੀਤ ਕੌਰ ਸਰਕਲ ਪ੍ਰਧਾਨ ਖੋਸਾ ਦਲ ਸਿੰਘ, ਜਸਵੀਰ ਕੌਰ ਸਰਕਲ ਪ੍ਰਧਾਨ ਜ਼ੀਰਾ, ਮਨਜੀਤ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਸੁਨੀਤਾ ਸ਼ਰਮਾ, ਗੁਰਮੀਤ ਕੌਰ, ਸੁਖਦੀਪ ਕੌਰ, ਬਲਜਿੰਦਰ ਕੌਰ, ਕੁਲਦੀਪ ਕੌਰ ਸਨ੍ਹੇਰ, ਜਗਬੀਰ ਕੌਰ ਆਦਿ ਹਾਜ਼ਰ ਸਨ।
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY