ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਸ਼ੈਰੀ, ਪਰਮਜੀਤ, ਕੁਲਦੀਪ, ਹਰਚਰਨ, ਬਿੱਟੂ, ਆਵਲਾ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਪਿੰਡ ਮਹਿਮਾ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ 23 ਮਾਰਚ ਨੂੰ ਕਰਵਾਏ ਸ਼ਹੀਦੀ ਸਮਾਰੋਹ ਵਿਚ ਸ਼ਹੀਦਾਂ ਦੀ ਸਮਾਧ 'ਤੇ ਸਾਈਕਲ ਵਾਲੇ ਟਾਇਰ ਫੁੱਲਮਾਲਾ ਪਾ ਕੇ ਚੜ੍ਹਾਏ ਜਾਣ ਦੇ ਮਾਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਆਗੂਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਦੇ ਆਗੂਆਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਇਸ ਦੌਰਾਨ ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਮਹਿਮਾ, ਹਰਨੇਕ ਸਿੰਘ ਮਹਿਮਾ ਤੇ ਹਰਬੰਸ ਮਹਿਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਸੈਨੀਵਾਲਾ ਵਿਚ 23 ਮਾਰਚ ਨੂੰ ਹੋਏ ਸ਼ਹੀਦੀ ਸਮਾਰੋਹ ਵਿਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਂ 'ਤੇ ਸਾਈਕਲ ਦੇ ਟਾਇਰਾਂ 'ਤੇ ਬੰਨੀਆਂ ਹੋਈਆਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਹਨ, ਜਿਸ ਦਾ ਪਤਾ ਲੱਗਣ 'ਤੇ ਇਲਾਕਾ ਵਾਸੀਆਂ ਤੇ ਜਥੇਬੰਦੀਆਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਦੀ ਇਸ ਤਰ੍ਹਾਂ ਦੀ ਬੇਅਦਬੀ ਕਿਸੇ ਵੀ ਕੀਮਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸ਼ਹੀਦਾਂ ਦਾ ਸਨਮਾਨ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰੇਗੀ।
22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY