ਪਟਿਆਲਾ (ਮਨਦੀਪ ਸਿੰਘ ਜੋਸਨ) : ਜਿੱਥੇ ਇੱਕ ਪਾਸੇ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਜੰਗ ਚੱਲ ਰਹੀ ਹੈ, ਉੱਥੇ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਘਮਸਾਨ ਮਚਿਆ ਹੋਇਆ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਸ਼ੰਭੂ ਦਫ਼ਤਰ ਦਾ ਕਾਂਗਰਸੀ ਪੰਚਾਇਤਾਂ, ਸਰਪੰਚਾਂ ਅਤੇ ਆਗੂਆਂ ਨੇ ਘਿਰਾਓ ਕਰਕੇ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਆਪਣੀ ਹੀ ਸਰਕਾਰ ਵਿੱਚ ਜਾਣ-ਬੁੱਝ ਕੇ ਵਿਕਾਸ ਕਾਰਜਾਂ ਵਿੱਚ ਰੋੜੇ ਅਟਕਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਖ਼ੁਸ਼ਖ਼ਬਰੀ, ਦੁੱਧ ਦੇ ਖ਼ਰੀਦ ਭਾਅ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ
ਕਾਂਗਰਸੀ ਆਗੂਾਂ, ਸਰਪੰਚਾਂ ਅਤੇ ਪੰਚਾਂ ਨੇ ਆਖਿਆ ਕਿ ਇਸ ਸਮੇਂ ਪੰਜਾਬ ਵਿੱਚ ਪੰਜਾਬ ਸਰਕਾਰ ਨਹੀਂ, ਸਗੋਂ ਅਫ਼ਸਰਸ਼ਾਹੀ ਕੰਮ ਕਰ ਰਹੀ ਹੈ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਬਲਾਕ ਦੇ ਸਮੁੱਚੇ ਪਿੰਡਾਂ ਵਿੱਚ ਕੰਮ ਬਿਲਕੁਲ ਰੁਕਿਆ ਪਿਆ ਹੈ। ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੰਦਿਆਂ ਹਲਕਾ ਘਨੌਰ ਵਿੱਚ ਪੈਂਦੇ ਵੱਡੇ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਵਾਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਵੀਸ਼ੀਲਡ ਟੀਕਿਆਂ' ਦੀ ਘਾਟ, ਕੈਪਟਨ ਨੇ ਕੇਂਦਰ ਤੋਂ ਮੰਗੀ ਹੋਰ ਵੈਕਸੀਨ
ਵਿਧਾਇਕ ਮਦਨ ਲਾਲ ਜਲਾਲਪੁਰ ਦੀ ਵਿਸ਼ੇਸ ਮਿਹਰਬਾਨੀ ਸਦਕਾ ਸ਼ਾਮਲਾਟ ਜ਼ਮੀਨ ਦੇ ਕਾਬਜ਼ ਧਾਰਕਾਂ ਨੂੰ ਪ੍ਰਤੀ ਕਿੱਲਾ 9 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ ਪਰ ਜਿਸ ਦਿਨ ਦੀ ਜ਼ਮੀਨ ਐਕਵਾਇਰ ਹੋਈ ਹੈ, ਵਿੱਤੀ ਕਮਿਸ਼ਨਰ ਸੀਮਾ ਜੈਨ ਵੱਲੋਂ ਬਹੁਤ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੋ ਮਹੀਨੇ ਬਾਅਦ ਪੰਚਾਇਤਾਂ ਦਾ ਆਡਿਟ ਕਰਵਾਇਆ ਜਾ ਰਿਹਾ ਹੈ, ਬਲਾਕ ਸ਼ੰਭੂ ਕਲਾਂ ਵਿੱਚ ਬੀ. ਡੀ. ਪੀ. ਓ. ਦੀ ਪੱਕੇ ਤੌਰ 'ਤੇ ਤਾਇਨਾਤੀ ਨਹੀਂ ਰਹਿਣ ਦਿੱਤੀ ਜਾ ਰਹੀ, ਜਿਸ ਕਾਰਨ ਪੰਚਾਇਤਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚਾਇਤਾਂ ਨੂੰ ਕੀਤੇ ਗਏ ਕੰਮਾਂ ਦੀ ਅਦਾਇਗੀ ਕਰਨੀ ਵੀ ਔਖੀ ਹੋਈ ਪਈ ਹੈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦਾ ਸੁਖਬੀਰ ਨੂੰ ਠੋਕਵਾਂ ਜਵਾਬ, ਟਵੀਟ ਕਰਕੇ ਕਹੀ ਵੱਡੀ ਗੱਲ
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੀਮਾ ਜੈਨ ਨੇ ਉਨ੍ਹਾਂ ਦੇ ਕੰਮਾਂ ਵਿੱਚ ਦਖ਼ਲ-ਅੰਦਾਜ਼ੀ ਬੰਦ ਨਾ ਕੀਤੀ ਅਤੇ ਸ਼ੰਭੂ ਬਲਾਕ ਤੇ ਘਨੌਰ ਵਿਖੇ ਬੀ. ਡੀ. ਪੀ. ਓ. ਦੀ ਪੱਕੇ ਤੌਰ 'ਤੇ ਤਾਇਨਾਤੀ ਨਾ ਕੀਤੀ ਤਾਂ ਦੋਵੇਂ ਬਲਾਕਾਂ ਦੀਆਂ ਪੰਚਾਇਤਾਂ ਮਿਲ ਕੇ ਸੀਮਾ ਜੈਨ ਖ਼ਿਲਾਫ਼ ਸੰਘਰਸ਼ ਵਿੱਢਣਗੀਆਂ ਅਤੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਦੇ ਨਾਲ ਹੀ ਰੋਡ ਜਾਮ ਕਰਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਅੱਛਰ ਸਿੰਘ ਭੇਡਵਾਲ, ਵਾਈਸ ਚੇਅਰਮੈਨ ਗੁਰਮੀਤ ਸਿੰਘ ਮਹਿਮਦਪੁਰ, ਮਾਰਕਿਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਬਲਾਕ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਐੱਨ. ਪੀ. ਪੱਬਰੀ, ਯੂਥ ਕਾਂਗਰਸ ਘਨੌਰ ਦੇ ਪ੍ਰਧਾਨ ਇੰਦਰਜੀਤ ਸਿੰਘ ਗਿਫਟੀ, ਹਾਕਮ ਸਿੰਘ ਸਰਪੰਚ ਸੇਹਰਾ, ਹਰਸੰਗਤ ਸਿੰਘ ਸਰਪੰਚ ਤਖ਼ਤੂ ਮਾਜਰਾ, ਹਰਜਿੰਦਰ ਸਿੰਘ ਸਰਪੰਚ ਆਕੜੀ, ਮਨਜੀਤ ਸਿੰਘ ਸਰਪੰਚ ਸੇਹਰੀ ਸਮੇਤ ਵੱਡੀ ਗਿਣਤੀ ਪੰਚ ਸਰਪੰਚ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
NEXT STORY