ਪਟਿਆਲਾ (ਬਲਜਿੰਦਰ, ਪਰਮੀਤ) - ਆਲ ਪੰਜਾਬ ਟਰੱਕ ਯੂਨੀਅਨ ਪ੍ਰਧਾਨ ਹੈਪੀ ਸੰਧੂ ਦੇ ਸੱਦੇ ਪੰਜਾਬ ਵਿਚ ਰੋਸ ਧਰਨਿਆਂ ਤਹਿਤ ਅੱਜ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਦੀ ਅਗਵਾਈ ਹੇਠ ਟਰੱਕ ਆਪ੍ਰੇਟਰਾਂ ਵੱਲੋਂ ਮਿੰਨੀ ਸਕੱਤਰੇਤ ਅੱਗੇ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਦੀ ਨਵੀਂ ਨੀਤੀ ਦੀਆਂ ਕਾਪੀਆਂ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਿੱਥੇ ਪਹਿਲਾਂ ਟਰੱਕ ਯੂਨੀਅਨਾਂ ਭੰਗ ਕਰਨ ਦਾ ਤਾਨਾਸ਼ਾਹੀ ਫਰਮਾਨ ਜਾਰੀ ਕਰ ਕੇ ਆਪ੍ਰੇਟਰਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਸੀ, ਉਥੇ ਹੁਣ ਨਵੀਂ ਟਰਾਂਸਪੋਰਟ ਨੀਤੀ ਵਿਚ ਸਮੂਹ ਟਰੱਕ ਆਪ੍ਰੇਟਰਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ।
ਸਰਕਾਰ ਵੱਲੋਂ ਨਵੀਂ ਨੀਤੀ ਤਹਿਤ ਸਰਕਾਰੀ ਢੋਆ-ਢੁਆਈ ਰੇਟ ਨੂੰ ਸਿੱਧਾ 50 ਤੋਂ 60 ਫੀਸਦੀ ਘਟਾ ਦਿੱਤਾ ਹੈ। ਇਸ ਨਾਲ ਟਰੱਕ ਆਪ੍ਰੇਟਰਾਂ ਦੇ ਥੋੜ੍ਹੇ-ਬਹੁਤੇ ਬਲਦੇ ਚੁੱਲ੍ਹੇ ਵੀ ਬੁਝ ਜਾਣਗੇ। ਇਸ ਦੇ ਵਿਰੋਧ ਵਿਚ ਪੰਜਾਬ ਦੇ ਸਮੂਹ ਟਰੱਕ ਆਪ੍ਰੇਟਰਾਂ ਨੇ ਸਰਕਾਰੀ ਢੋਆ-ਢੁਆਈ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਵਾਹਨ ਸਾਫਟਵੇਅਰ ਨਾਲ ਤਸਦੀਕਸ਼ੁਦਾ ਟਰੱਕਾਂ ਦੀ ਸੂਚੀ ਮੰਗੀ ਗਈ ਹੈ ਪਰ ਡੀ. ਟੀ. ਓ. ਦਫਤਰਾਂ ਦਾ ਸਾਫਟਵੇਅਰ ਕੰਮ ਨਹੀਂ ਕਰ ਰਿਹਾ ਹੈ। ਲੋਡਿੰਗ ਤੇ ਅਨ-ਲੋਡਿੰਗ ਦੀ ਸਲੈਬ ਵਿਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ। ਟੈਂਡਰ ਪਾਉਣ ਵਾਲੀਆਂ ਸੋਸਾਇਟੀਆਂ ਤੇ ਐਸੋਸੀਏਸ਼ਨਾਂ ਦੀ ਪਿਛਲੇ ਸਾਲ ਦੀ ਟਰਨਓਵਰ 4 ਕਰੋੜ ਰੁਪਏ ਹੋਣ ਦੀ ਸ਼ਰਤ ਰੱਖੀ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਟਰੱਕ ਆਪ੍ਰੇਟਰਾਂ ਨੇ ਮੰਗ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਝੋਨੇ ਤੇ ਕਣਕ ਸੀਜ਼ਨ ਦੇ ਟੈਂਡਰ ਵਿੱਤੀ ਸਾਲ 1 ਅਪ੍ਰੈਲ 2018 ਤੋਂ 31 ਮਾਰਚ 2019 ਤੱਕ ਲਏ ਜਾਣ। ਲੋਡਿੰਗ ਤੇ ਅਨਲੋਡਿੰਗ ਰੇਟ ਸਲੈਬ ਪਿਛਲੇ ਸਾਲ ਦੀ ਤਰ੍ਹਾਂ 4/4 ਕਿਲੋਮੀਟਰ ਦੀ ਬਣਾਈ ਜਾਵੇ। ਕਾਰਟੇਜ ਦੀ ਸਲੈਬ ਵੀ ਪਿਛਲੇ ਸਾਲ ਦੀ ਤਰ੍ਹਾਂ 0 ਤੋਂ 3, 3 ਤੋਂ 5 ਤੋਂ 8 ਕਿਲੋਮੀਟਰ ਕੀਤੀ ਜਾਵੇ। ਡੀ. ਟੀ. ਓ. ਦਫਤਰ ਤੋਂ ਤਸਦੀਕਸ਼ੁਦਾ ਟਰੱਕਾਂ ਦੀ ਸੂਚੀ ਦੀ ਸ਼ਰਤ ਸਮਾਪਤ ਕੀਤੀ ਜਾਵੇ। ਪਿਛਲੇ ਟੈਂਡਰਕਾਰਾਂ ਦੀ ਸਕਿਓਰਿਟੀ ਵਿਭਾਗ ਕੋਲ ਜਮ੍ਹਾ ਹੈ, ਜਿਸ ਨੂੰ ਵਾਪਸ ਕਰਨ ਦੀ ਬਜਾਏ ਨਵੇਂ ਟੈਂਡਰ ਵਿਚ ਲਾਇਆ ਜਾਵੇ। ਇਸ ਮੌਕੇ ਗੋਪਾਲ ਕ੍ਰਿਸ਼ਨ ਗਰਗ ਸਮਾਣਾ, ਬਲਦੇਵ ਸਿੰਘ, ਕੀਮਤ ਬਾਬੂ ਪਾਤੜਾਂ, ਜਸਮੇਰ ਸਿੰਘ ਲਾਛੜੂ, ਅਮਰੀਕ ਸਿੰਘ ਘਨੌਰ, ਹਨੀ ਧਾਲੀਵਾਲ ਨਾਭਾ, ਸੁਖਦੇਵ ਸਿੰਘ ਸੰਧੂ ਨਾਭਾ, ਤਿਲਕ ਰਾਜ ਸ਼ਰਮਾ ਦੇਵੀਗੜ੍ਹ, ਹਰਦੀਪ ਸਿੰਘ ਦੀਪਾ ਪਟਿਆਲਾ, ਨਿੱਕੂ ਬਰਾੜ ਤੇ ਤਰਲੋਚਨ ਸਿੰਘ ਲੋਚੀ ਸਮੇਤ ਹੋਰ ਟਰੱਕ ਆਪ੍ਰੇਟਰ ਵੀ ਮੌਜੂਦ ਸਨ।
106 ਸਾਲਾ ਫੌਜਾ ਸਿੰਘ ਨਾਲ ਭੱਜੇ ਪੀ. ਯੂ. ਦੇ ਵਿਦਿਆਰਥੀ
NEXT STORY