ਪਟਿਆਲਾ (ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੂੰ 106 ਸਾਲ ਦੇ ਫੌਜਾ ਸਿੰਘ ਤੇ 101 ਸਾਲ ਦੀ ਮਾਨ ਕੌਰ ਨਾਲ ਦੌੜਨ ਦਾ ਮੌਕਾ ਮਿਲਿਆ। ਵਿਭਾਗ ਵੱਲੋਂ 'ਰਨ ਫਾਰ ਹੈਲਥ ਵਿਦ ਫੌਜਾ ਸਿੰਘ ਐਂਡ ਮਾਨ ਕੌਰ' ਥੀਮ 'ਤੇ ਇਕ ਦੌੜ ਦਾ ਆਯੋਜਨ ਕੀਤਾ ਗਿਆ। ਇਸ ਨੂੰ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ ਨੇ ਹਰੀ ਝੰਡੀ ਦਿਖਾਈ। ਇਸ ਵਿਚ ਕੈਂਪਸ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਮੌਕੇ 'ਤੇ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਡਾ. ਜੀ. ਐੈੱਸ. ਬਤਰਾ, ਡਾ. ਅਮਰਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ, ਡਾ. ਜਤਿੰਦਰ ਦੇਵ ਸਮੇਤ ਹੋਰ ਹਾਜ਼ਰ ਸਨ।
ਸਖਤ ਡਾਈਟ ਪਲਾਨ ਤੇ ਟਰੇਨਿੰਗ ਹੈ ਮਾਨ ਕੌਰ ਦੀ ਸਫਲਤਾ ਦਾ ਰਾਜ਼
100 ਸਾਲ ਤੋਂ ਜ਼ਿਆਦਾ ਦੀ ਉਮਰ ਵਿਚ ਵੀ ਫਿੱਟ ਅਤੇ ਭੱਜਣਾ, ਫਿਰ ਮੈਡਲ ਵੀ ਲਿਆਉਣ ਦਾ ਰਾਜ਼ ਉਹ ਸਖਤ ਡਾਈਟ ਪਲਾਨ ਅਤੇ ਟਰੇਨਿੰਗ ਨੂੰ ਮੰਨਦੇ ਹਨ। ਪੜਪੋਤੇ-ਪੜਪੋਤੀਆਂ ਵਾਲੀ ਮਾਨ ਕੌਰ ਕਹਿੰਦੇ ਹਨ ਕਿ ਫਜ਼ੂਲ ਦਾ ਖਾਣਾ ਬੰਦ ਕਰਨ ਅਤੇ ਸਿਹਤ ਨਾਲ ਭਰਪੂਰ ਖਾਣਾ ਖਾਣ ਨਾਲ ਹੀ ਹਰ ਰੋਜ਼ ਐਕਸਰਸਾਈਜ਼ ਜ਼ਰੂਰੀ ਹੈ। ਅੱਜ ਦੇ ਖਿਡਾਰੀਆਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੂਰੀ ਮਿਹਨਤ ਅਤੇ ਸਹੀ ਟਰੇਨਿੰਗ ਨਾਲ ਇਹ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ। ਪੰਜਾਬ ਵਿਚ ਟੈਲੰਟ ਬਹੁਤ। ਇਸ ਨੂੰ ਅੱਗੇ ਵਧਾਉਣ ਦੀ ਲੋੜ ਹੈ। ਪਿਛਲੇ ਸਾਲ ਵੈਨਕੂਵਰ ਵਿਚ ਆਯੋਜਿਤ ਹੋਈ ਅਮਰੀਕਨ ਮਾਸਟਰਜ਼ ਖੇਡਾਂ ਵਿਚ ਇਕ ਮਿੰਟ ਤੇ 14 ਸੈਕਿੰਡ ਵਿਚ ਫਿਨਿਸ਼ ਲਾਈਨ ਪਾਰ ਕਰ ਕੇ ਗੋਲਡ ਜਿੱਤਣ ਵਾਲੀ ਮਾਨ ਕੌਰ ਖੁਦ ਨੂੰ ਨੌਜਵਾਨ ਮੰਨਦੀ ਹੈ।
ਰੋਜ਼ਾਨਾ 5-7 ਕਿ. ਮੀ. ਸੈਰ ਕਰਦੇ ਹਨ ਫੌਜਾ ਸਿੰਘ
ਸਭ ਤੋਂ ਵੱਡੀ ਉਮਰ ਦੇ ਐਥਲੀਟ ਫੌਜਾ ਸਿੰਘ ਨੇ ਕਿਹਾ ਕਿ ਹਰ ਸਾਲ ਪੰਜਾਬ ਆ ਕੇ ਉਹ ਇੰਜਵਾਏ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਆਤਮਾ ਨੂੰ ਖੁਰਾਕ ਤੇ ਫੁਰਤੀ ਮਿਲਦੀ ਹੈ। ਇੰਨੀ ਉਮਰ ਵਿਚ ਆਪਣੀ ਫਿਟਨੈੱਸ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਮੁਕਾਬਲਿਆਂ ਵਿਚ ਭਾਗ ਲੈਣਾ ਬੰਦ ਕਰ ਦਿੱਤਾ ਹੈ ਪਰ ਅਜੇ ਵੀ ਉਹ 5-7 ਕਿ. ਮੀ. ਸੈਰ ਕਰਦੇ ਹਨ। ਨਾਲ ਹੀ ਸਰੀਰ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਵਿਚ ਆਪਣੇ ਘਰ ਅਕਸਰ ਸੈਰ ਕਰਦੇ ਰਹਿੰਦੇ ਹਨ। ਡਾਈਟ ਨੂੰ ਲੈ ਕੇ ਫੌਜਾ ਬੋਲੇ ਕਿ ਹਰ ਰੋਜ਼ ਉਹ ਦਾਲਾਂ ਖਾਣਾ ਪਸੰਦ ਕਰਦੇ ਹਨ। ਦੌੜਨ ਦੀ ਪ੍ਰੇਰਨਾ ਅਤੇ ਸ਼ਕਤੀ ਪ੍ਰਮਾਤਮਾ ਤੋਂ ਮਿਲਦੀ ਹੈ। ਆਪਣੀ ਪੱਗ ਨੂੰ ਲੈ ਕੇ ਕਿਹਾ ਕਿ ਇਸ ਕਾਰਨ ਪੂਰੇ ਸੰਸਾਰ ਵਿਚ ਉਨ੍ਹਾਂ ਨੂੰ ਬਹੁਤ ਸਨਮਾਨ ਮਿਲਿਆ ਹੈ।
ਅਣਪਛਾਤੀ ਔਰਤ ਦੀ ਲਾਸ਼ ਮਿਲੀ
NEXT STORY