ਗੜ੍ਹਸ਼ੰਕਰ, (ਬੈਜ ਨਾਥ)- ਅੱਜ ਸੈਲਾ ਖੁਰਦ ਵਿਖੇ ਪਿੰਡ ਵਾਸੀਆਂ ਦਾ ਇਕੱਠ ਅਵਤਾਰ ਜੱਸੋਵਾਲ ਅਤੇ ਤਰਸੇਮ ਸਿੰਘ ਦੀ ਅਗਵਾਈ ਵਿਚ ਹੋਇਆ। ਇਕੱਤਰ ਲੋਕਾਂ ਨੇ ਕੁਆਂਟਮ ਪੇਪਰ ਮਿੱਲ ਦੇ ਪ੍ਰਬੰਧਕਾਂ ਵਿਰੁੱਧ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮਿੱਲ ਪ੍ਰਬੰਧਕਾਂ ਵਿਰੁੱਧ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਲਾਏ ਅਤੇ ਪ੍ਰਸ਼ਾਸਨ ਤੋਂ ਮਿੱਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
ਸ. ਜੱਸੋਵਾਲ ਨੇ ਕਿਹਾ ਕਿ ਅਸਲ ਵਿਚ ਮਿੱਲ ਵੱਲੋਂ ਇਲਾਕੇ ਦੇ ਕਰੀਬ 15 ਪਿੰਡਾਂ ਦਾ ਹਵਾ-ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਲੋਕ ਕੈਂਸਰ, ਪੀਲੀਆ, ਦਮਾ ਅਤੇ ਹੋਰ ਕਈ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜੇਕਰ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਮਿੱਲ ਪ੍ਰਬੰਧਕਾਂ ਵੱਲੋਂ ਉਸ ਨੂੰ ਡਰਾਇਆ-ਧਮਕਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਜੱਸੋਵਾਲ ਦੇ ਵਸਨੀਕ ਕਈ ਸਾਲਾਂ ਤੋਂ ਪ੍ਰਦੂਸ਼ਿਤ ਪਾਣੀ ਅਤੇ ਮਿੱਲ ਦੀਆਂ ਚਿਮਨੀਆਂ ਵਿਚੋਂ ਉੱਡਦੀ ਸੁਆਹ ਤੋਂ ਬੇਹੱਦ ਪ੍ਰੇਸ਼ਾਨ ਹਨ। ਇਸ ਕਾਰਨ ਇਥੋਂ ਦੇ ਵਸਨੀਕਾਂ ਦੇ ਰਿਸ਼ਤੇਦਾਰ ਵੀ ਪਿੰਡ ਆਉਣ ਤੋਂ ਝਿਜਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਿੱਲ ਵਿਚੋਂ ਨਿਕਲਦੀ ਸੁਆਹ ਦੀਆਂ ਇਲਾਕੇ ਵਿਚ ਲੱਗੀਆਂ ਢੇਰੀਆਂ ਪੂਰੇ ਹਾਲਾਤ ਬਿਆਨ ਕਰਦੀਆਂ ਹਨ, ਜੋ ਕਿ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੈ।
ਲੋਕਾਂ ਨੇ ਮਿੱਲ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸਾਫ-ਸੁਥਰੇ ਵਾਤਾਵਰਣ ਵਿਚ ਸਾਹ ਲੈਣਾ ਨਸੀਬ ਹੋ ਸਕੇ। ਇਸ ਮੌਕੇ ਰਾਜੇਸ਼ ਕੁਮਾਰ ਜੇਸ਼ੀ, ਹਰਮੇਸ਼ ਕੁਮਾਰ, ਬਲਵਿੰਦਰ ਸਿੰਘ, ਮਨਜੀਤ ਕੁਮਾਰ, ਰਾਮ ਕ੍ਰਿਸ਼ਨ, ਜਰਨੈਲ ਸਿੰਘ, ਬਿੱਟੂ ਸਕਰੂਲੀ, ਗੁਰਬਖਸ਼ ਸਿੰਘ, ਡਾ. ਗੁਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ।
ਭੜਕੇ ਕਾਂਗਰਸੀਆਂ ਸਣੇ ਅਕਾਲੀ-ਆਜ਼ਾਦ ਕੌਂਸਲਰਾਂ ਨੇ ਵੀ ਮੰਗਿਆ ਮੇਅਰ ਤੋਂ ਅਸਤੀਫਾ
NEXT STORY