ਸਮਰਾਲਾ (ਸੰਜੇ ਗਰਗ) : ਅੱਜ ਸਵੇਰੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਉਟਾਲਾਂ ਵਿਖੇ ਕੁਝ ਨਸ਼ਾਂ ਤਸਕਰਾਂ ਵੱਲੋਂ ਸ਼ਰੇਆਮ ਪਿੰਡ ਵਿੱਚ ਨਸ਼ਾ ਵੇਚੇ ਜਾਣ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਐਂਟੀ ਡਰੱਗਜ਼ ਕਮੇਟੀ ਸਮਰਾਲਾ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਇੱਕਠੇ ਹੋਕੇ ਇਨ੍ਹਾਂ ਤਸਕਰਾਂ ਨੂੰ ਘੇਰਾ ਪਾ ਲਿਆ। ਪਿੰਡ ਵਾਲਿਆਂ ਵੱਲੋਂ ਘੇਰੇ ਜਾਣ 'ਤੇ 2-3 ਤਿੰਨ ਤਸਕਰ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ ਪਰ 2 ਤਸਕਰ ਪਿੰਡ ਵਾਲਿਆਂ ਦੇ ਅੱੜਿਕੇ ਆ ਗਏ।
ਲੋਕਾਂ ਵੱਲੋਂ ਪੁਲਸ ਨੂੰ ਵੀ ਤਸਕਰ ਕਾਬੂ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ, ਪਰ ਪੁਲਸ ਅੱਧੇ ਘੰਟੇ ਬਾਅਦ ਮੌਕੇ 'ਤੇ ਪੁੱਜੀ। ਇੰਨੇ 'ਚ ਲੋਕਾਂ ਦੇ ਘੇਰੇ 'ਚੋਂ ਨਿਕਲੇ 2-3 ਤਸਕਰ ਖੇਤਾਂ 'ਚੋਂ ਭੱਜਦੇ ਹੋਏ ਬਚ ਨਿਕਲੇ। ਪੁਲਸ ਦੇ ਲੇਟ ਪਹੁੰਚਣ 'ਤੇ ਖਫ਼ਾ ਹੋਏ ਲੋਕਾਂ ਵੱਲੋਂ ਪੁਲਸ 'ਤੇ ਦੋਸ਼ ਲਾਇਆ ਗਿਆ ਕਿ ਪੁਲਸ ਨਸ਼ਾਂ ਤਸਕਰਾਂ ਦੀ ਮਦਦ ਕਰ ਰਹੀ ਹੈ ਅਤੇ ਦੇਰੀ ਨਾਲ ਪਹੁੰਚਣ ਕਾਰਨ ਬਾਕੀ ਦੇ ਤਸਕਰ ਭੱਜਣ 'ਚ ਕਾਮਯਾਬ ਹੋ ਗਏ।

ਇਸ ਮਗਰੋਂ ਲੋਕਾਂ ਵੱਲੋਂ ਕਾਬੂ ਕੀਤੇ ਦੋਵੇਂ ਤਸਕਰ ਪੁਲਸ ਹਵਾਲੇ ਕਰ ਦਿੱਤੇ ਅਤੇ ਪੁਲਸ ਨੂੰ ਉਨ੍ਹਾਂ ਕੋਲੋ ਨਸ਼ਾ ਵੀ ਬਰਾਮਦ ਹੋਇਆ। ਪੁਲਸ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ ਅਤੇ ਪਿੰਡ ਵਾਸੀਆਂ ਦੀ ਭੀੜ ਵੀ ਪਿੱਛੇ ਹੀ ਥਾਣੇ ਪਹੁੰਚ ਗਈ। ਥਾਣੇ ਪਹੁੰਚਣ 'ਤੇ ਪੁਲਸ ਜਦੋਂ ਦੋਵੇਂ ਤਸਕਰਾਂ 'ਤੇ ਮਾਮਲਾ ਦਰਜ ਕਰਨ 'ਚ ਆਨਾ-ਕਾਨੀ ਕਰਨ ਲੱਗੀ ਤਾਂ ਲੋਕਾਂ 'ਚ ਰੋਹ ਫੈਲ ਗਿਆ ਅਤੇ ਉਨ੍ਹਾਂ ਨੇ ਥਾਣੇ ਅੰਦਰ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਥਾਣੇ ਦਾ ਇਕ ਹੌਲਦਾਰ ਰੋਹ 'ਚ ਆਈ ਭੀੜ ਨਾਲ ਉਲਝਣ ਲੱਗ ਪਿਆ ਅਤੇ ਲੋਕਾਂ ਦੀ ਭੀੜ ਨੂੰ ਥਾਣੇ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ।

ਪੁਲਸ ਦੀ ਇਸ ਕਾਰਵਾਈ ਤੋਂ ਭੀੜ ਭੜਕ ਗਈ ਅਤੇ ਉਨ੍ਹਾਂ ਨੇ ਥਾਣੇ ਦੇ ਬਾਹਰ ਲੁਧਿਆਣਾ-ਚੰਡੀਗੜ੍ਹ• ਸੜਕ 'ਤੇ ਧਰਨਾ ਲਾ ਦਿੱਤਾ। ਇਸ ਦੌਰਾਨ ਐਂਟੀ ਡਰੱਗ ਸੁਸਾਇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬੀਤੇ ਕੱਲ ਹੀ ਐੱਸ.ਐੱਸ.ਪੀ. ਖੰਨਾ ਨੂੰ ਉਨ੍ਹਾਂ ਵੱਲੋਂ 12 ਨਸ਼ਾਂ ਤਸਕਰਾਂ ਦੀ ਇਕ ਸੂਚੀ ਸੌਂਪੀ ਗਈ ਸੀ, ਜਿਹੜੇ ਪਿੰਡਾਂ 'ਚ ਸ਼ਰੇਆਮ ਨਸ਼ਾ ਵੇਚਦੇ ਹਨ। ਐੱਸ. ਐੱਸ. ਪੀ. ਨੇ ਭਰੋਸਾ ਦਿੱਤਾ ਸੀ ਕਿ ਇਨ੍ਹਾਂ ਸਾਰੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰ ਅੱਜ ਜਦੋਂ 5-6 ਤਸਕਰਾਂ ਨੂੰ ਲੋਕਾਂ ਨੇ ਪਿੰਡ 'ਚ ਨਸ਼ਾਂ ਵੇਚਦੇ ਵੇਖਿਆ ਤਾਂ ਪੁਲਸ ਨੂੰ ਇਤਲਾਹ ਦੇਣ 'ਤੇ ਵੀ ਪੁਲਸ ਸਮੇਂ 'ਤੇ ਪਿੰਡ ਨਹੀਂ ਪਹੁੰਚੀ ਅਤੇ ਜਦੋਂ ਲੋਕਾਂ ਵੱਲੋਂ ਦੋ ਤਸਕਰ ਫੜ੍ਹ•ਲਏ ਗਏ ਤਾਂ ਵੀ ਪੁਲਸ ਉਨ੍ਹਾਂ 'ਤੇ ਕਾਰਵਾਈ 'ਚ ਆਨਾ-ਕਾਨੀ ਕਰਨ ਲੱਗੀ।
ਪੁਲਸ ਵੱਲੋਂ ਕਾਰਵਾਈ ਮਗਰੋ ਚੁੱਕਿਆ ਧਰਨਾ
ਰੋਹ 'ਚ ਆਏ ਲੋਕਾਂ ਵੱਲੋਂ ਥਾਣੇ ਦੇ ਬਾਹਰ ਦਿੱਤੇ ਧਰਨੇ ਨੂੰ ਪੁਲਸ ਵੱਲੋਂ ਫੜ੍ਹੇੇ ਗਏ ਦੋਵੇਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦੇ ਭਰੋਸੇ ਮਗਰੋਂ ਹੀ ਚੁੱਕਿਆ ਗਿਆ। ਇਸ ਦੌਰਾਨ ਲੋਕਾਂ ਨਾਲ ਉਲਝੇ ਹੌਲਦਾਰ 'ਤੇ ਦੋਸ਼ ਲਾਇਆ ਗਿਆ ਕਿ ਉਹ ਨਸ਼ਾ ਤਸਕਰਾਂ ਦੀ ਮਦਦ ਕਰ ਰਿਹਾ ਹੈ ਅਤੇ ਉਸ 'ਤੇ ਵੀ ਕਾਰਵਾਈ ਦੀ ਮੰਗ ਕੀਤੀ ਗਈ।
ਹੌਲਦਾਰ ਨੂੰ ਕੀਤਾ ਲਾਈਨ ਹਾਜ਼ਰ
ਇਸ ਦੌਰਾਨ ਪੁਲਸ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਪਣੇ ਹੌਲਦਾਰ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰਦੇ ਹੋਏ ਉਸ ਦੀ ਸਮਰਾਲਾ ਥਾਣੇ ਤੋਂ ਪੁਲਸ ਲਾਈਨ ਵਿੱਚ ਰਵਾਨਗੀ ਪਾ ਦਿੱਤੀ। ਇਸ 'ਤੇ ਮਾਮਲਾ ਕੁਝ ਸ਼ਾਂਤ ਹੋਇਆ ਅਤੇ ਭੜਕੇ ਹੋਏ ਲੋਕਾਂ ਨੇ ਮੌਕੇ ਤੋਂ ਫਰਾਰ ਹੋਏ ਬਾਕੀ ਦੇ ਤਸਕਰਾਂ ਦੇ ਨਾਂ ਵੀ ਪੁਲਸ ਨੂੰ ਦਿੰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ।
ਲਾਵਾਰਿਸ ਬੱਚੀ ਦੀ ਤਸਵੀਰ ਦੇਖ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਪਿਘਲਿਆ ਦਿਲ
NEXT STORY