ਮਾਹਿਲਪੁਰ, (ਜਸਵੀਰ, ਮੁੱਗੋਵਾਲ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਦਫ਼ਤਰ ਅੱਗੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਵਾਲੀ ਯੋਜਨਾ ਨੂੰ ਗੁਪਤ ਤੌਰ 'ਤੇ ਚਲਾਉਣ ਤੇ ਲੋਕਾਂ ਤੱਕ ਪਹੁੰਚ ਨਾ ਕਰਨ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਸ਼ੁਰੂ ਕੀਤੀ ਯੋਜਨਾ ਦੇ ਸਰਵੇ ਅਤੇ ਫਾਰਮ ਭਰਨ ਦੀ ਤਰੀਕ 30 ਸਤੰਬਰ ਸੀ ਪਰ ਸਥਾਨਕ ਅਧਿਕਾਰੀਆਂ ਨੇ ਇਹ ਸੂਚਨਾ ਪਿੰਡਾਂ ਵਿਚ ਨਹੀਂ ਪਹੁੰਚਾਈ, ਜਿਸ ਕਾਰਨ ਜ਼ਿਆਦਾਤਰ ਲੋਕ ਇਸ ਯੋਜਨਾ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਸੰਘਰਸ਼ ਕਰਨ ਨਾਲ ਇਸ ਯੋਜਨਾ ਦੀ ਤਰੀਕ 3 ਅਕਤੂਬਰ ਹੋ ਗਈ ਪਰ ਛੁੱਟੀਆਂ ਆ ਜਾਣ ਕਾਰਨ ਲੋਕ ਇਸ ਦੇ ਫਾਰਮ ਨਾ ਭਰ ਸਕੇ।
ਬੀ. ਡੀ. ਪੀ. ਓ. ਮਾਹਿਲਪੁਰ ਨੇ ਰਹਿੰਦੇ ਸਾਰੇ ਪਰਿਵਾਰਾਂ ਦੇ ਫਾਰਮ ਜਮ੍ਹਾ ਕਰਵਾਉਣ ਦੀ ਹਾਮੀ ਭਰ ਕੇ ਇਸ ਧਰਨੇ ਨੂੰ ਖਤਮ ਕਰਵਾਇਆ। ਇਸ ਮੌਕੇ ਜਸਵੰਤ ਸਿੰਘ, ਨਰੇਸ਼ ਕੁਮਾਰ ਜੇਜੋਂ, ਚਰਨਜੀਤ ਸਿੰਘ ਹਰਜੀਆਣਾ, ਤਜਿੰਦਰ ਕੌਰ, ਬੂਟਾ ਰਾਮ ਠੀਂਡਾ, ਮਨਜੀਤ ਕੌਰ, ਜਸਵੀਰ ਸੋਨੀ, ਜਗਦੀਸ਼ ਰਾਮ, ਦਰਸ਼ਨ ਲਾਲ, ਸੁਰਜੀਤ ਰਾਣੀ ਖੈਰੜ ਅਤੇ ਕ੍ਰਿਸ਼ਨਾ ਰਾਣੀ ਨੇ ਵੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਭਾਰੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।
ਟਾਂਡਾ/ਜਾਜਾ, (ਮੋਮੀ, ਗੁਪਤਾ, ਸ਼ਰਮਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਅੱਜ ਬੀ. ਡੀ. ਪੀ. ਓ. ਦਫ਼ਤਰ ਟਾਂਡਾ ਵਿਖੇ 5-5 ਮਰਲੇ ਦੇ ਪਲਾਟ ਸਬੰਧੀ ਅਰਜ਼ੀਆਂ ਨਾ ਲੈਣ ਦੇ ਵਿਰੋਧ 'ਚ ਦਫਤਰ ਦਾ ਘਿਰਾਓ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸੜਕ 'ਤੇ ਜਾਮ ਲਾਉਣ ਦੀ ਕੋਸ਼ਿਸ਼ ਵੀ ਕੀਤੀ।
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਬਲਾਕ ਟਾਂਡਾ ਦੇ ਕਨਵੀਨਰ ਸਦੀਕ ਭੂਲਪੁਰ ਦੀ ਅਗਵਾਈ 'ਚ ਅੱਜ ਸਵੇਰੇ 10 ਵਜੇ ਤੋਂ ਹੀ ਵੱਡੀ ਗਿਣਤੀ 'ਚ ਯੂਨੀਅਨ ਨਾਲ ਸੰਬੰਧਤ ਮਜ਼ਦੂਰ 5-5 ਮਰਲੇ ਦੇ ਪਲਾਟ ਸਬੰਧੀ ਅਰਜ਼ੀਆਂ ਦੇਣ ਲਈ ਬੀ. ਡੀ. ਪੀ. ਓ. ਦਫਤਰ ਪਹੁੰਚ ਗਏ ਸਨ ਪਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਜਦੋਂ ਬੀ. ਡੀ. ਪੀ. ਓ. ਦਫ਼ਤਰ ਨੇ ਉਨ੍ਹਾਂ ਦੀਆਂ ਕਰੀਬ 700 ਤੋਂ ਵੱਧ ਅਰਜ਼ੀਆਂ ਨਾ ਲਈਆਂ ਤਾਂ ਯੂਨੀਅਨ ਦੇ ਮੈਂਬਰਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਰੋਹ 'ਚ ਆ ਕੇ ਜਾਜਾ ਬਾਈਪਾਸ 'ਤੇ ਜਾਮ ਲਾਉਣ ਲੱਗੇ ਸਨ, ਜਿਨ੍ਹਾਂ ਨੂੰ ਰਸਤੇ 'ਚ ਹੀ ਰੋਕ ਕੇ ਥਾਣਾ ਮੁਖੀ ਦਸੂਹਾ ਤਲਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਸਬੰਧਤ ਮਹਿਕਮੇ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣਗੇ।
ਕੀ ਕਹਿੰਦੇ ਹਨ ਬੀ. ਡੀ. ਪੀ. ਓ.
ਟਾਂਡਾ : ਇਸ ਸਬੰਧੀ ਜਦੋਂ ਬੀ. ਡੀ. ਪੀ. ਓ. ਟਾਂਡਾ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 30 ਸਤੰਬਰ ਨੂੰ ਅਰਜ਼ੀਆਂ ਲੈਣ ਲਈ ਆਖਰੀ ਤਰੀਕ ਸੀ ਤੇ ਜੇਕਰ ਸਰਕਾਰ ਕੋਈ ਹੋਰ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਤਰੀਕ 'ਚ ਵਾਧਾ ਕਰਦੀ ਹੈ ਤਾਂ ਇਸ ਸਬੰਧੀ ਅਰਜ਼ੀਆਂ ਲਈਆਂ ਜਾਣਗੀਆਂ।
ਇਸ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਬੀਤੇ ਦਿਨ ਹੋਈਆਂ ਛੁੱਟੀਆਂ ਦੇ ਮੱਦੇਨਜ਼ਰ ਤਰੀਕ ਵਧਾ ਕੇ 30 ਸਤੰਬਰ ਦੀ ਪੂਰਤੀ ਕਰ ਕੇ ਉਨ੍ਹਾਂ ਦੀਆਂ ਅਰਜ਼ੀਆਂ ਲਈਆਂ ਜਾਣ, ਨਹੀਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਇਸ ਮੌਕੇ ਸਦੀਕ ਭੂਲਪੁਰ, ਬਲਜਿੰਦਰ ਟਾਹਲੀ, ਨਾਵਲ ਗਿੱਲ, ਰਣਜੀਤ ਸਿੰਘ, ਲਖਵਿੰਦਰ ਸਿੰਘ, ਰਾਜਨ, ਗੁਰਦੇਵ ਸਿੰਘ, ਅਮਰੀਕ ਸਿੰਘ, ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।
ਗੜ੍ਹਸ਼ੰਕਰ, (ਪਾਠਕ, ਬੈਜ ਨਾਥ)-ਪੇਂਡੂ ਮਜ਼ਦੂਰ ਯੂਨੀਅਨ ਨੇ ਬੀ. ਡੀ. ਪੀ. ਓ. ਦਫ਼ਤਰ ਵਿਚ ਆਪਣੀਆਂ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ ਤੇ ਰੋਸ ਰੈਲੀ ਕੀਤੀ। ਰੈਲੀ ਦੀ ਅਗਵਾਈ ਬਗੀਚਾ ਸਿੰਘ ਸਹੂੰਗੜਾ ਨੇ ਕੀਤੀ । ਇਸ ਮੌਕੇ ਵੱਖ-ਵੱਖ ਅਹੁਦੇਦਾਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ । ਰੈਲੀ ਨੂੰ ਕੁਲਵਿੰਦਰ ਸਿੰਘ ਚਾਹਲ, ਬਿਕਰਮ ਕੁੱਲੇਵਾਲ, ਮਹਿੰਦਰ ਖੈਰੜ, ਚੈਨ ਸਿੰਘ, ਪ੍ਰਵੇਜ਼ ਮਲਕੋਵਾਲ, ਸੁਰਿੰਦਰ ਕੌਰ ਧਮਾਈ, ਗੁਰਵਿੰਦਰ ਸਮੁੰਦੜਾ, ਸੁਰਜੀਤ ਰਾਮ, ਬਲਵੀਰ ਕੌਰ, ਅਸ਼ਵਨੀ ਨੈਨਵਾਂ ਆਦਿ ਨੇ ਸੰਬੋਧਨ ਕੀਤਾ ।
ਚਰਸ ਸਮੇਤ 1 ਕਾਬੂ
NEXT STORY