ਸ੍ਰੀ ਮੁਕਤਸਰ ਸਾਹਿਬ (ਦਰਦੀ, ਪਵਨ, ਢਿੱਲੋਂ) - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਅੱਜ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਨ ਦੇ ਖਿਲਾਫ਼ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ 'ਚ ਬਲਾਕ ਪੱਧਰ 'ਤੇ ਕਾਲੀਆਂ ਚੁੰਨੀਆਂ ਲੈ ਕੇ ਤੇ ਹੱਥਾਂ 'ਚ ਕਾਲੇ ਝੰਡੇ ਫੜ ਕੇ 'ਕਾਲਾ ਦਿਨ' ਮਨਾਇਆ ਗਿਆ। ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਅੱਜ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ-2 ਜਗਸੀਰ ਸਿੰਘ ਦੇ ਖਿਲਾਫ਼ ਸੜਕ 'ਤੇ ਬੈਠ ਕੇ ਵਰ੍ਹਦੇ ਮੀਂਹ 'ਚ ਰੋਸ ਮੁਜ਼ਾਹਰਾ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ 'ਤੇ ਪੁੱਜੀ। ਉਨ੍ਹਾਂ ਦੋਸ਼ ਲਾਇਆ ਕਿ ਸੈਂਟਰਾਂ ਦੇ ਬੱਚੇ ਖੋਹੇ ਜਾ ਰਹੇ ਹਨ। ਜੇਕਰ ਚੰਡੀਗੜ੍ਹ ਵਿਖੇ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਤੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਯੂਨੀਅਨ ਦੇ ਵਫ਼ਦ ਨਾਲ ਕੀਤੀ ਗਈ ਮੀਟਿੰਗ ਦਾ ਹੋਇਆ ਫੈਸਲਾ 15 ਦਿਨ ਬੀਤਣ 'ਤੇ ਸਹੀ ਨਾ ਹੋਇਆ ਤਾਂ ਜਥੇਬੰਦੀ ਵੱਡਾ ਸੰਘਰਸ਼ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੀ-ਨਰਸਰੀ ਜਮਾਤਾਂ ਆਂਗਣਵਾੜੀ ਸੈਂਟਰਾਂ 'ਚ ਚਲਾਈਆਂ ਜਾਣ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਸੂਬੇ ਭਰ 'ਚ 130 ਦੇ ਕਰੀਬ ਬਲਾਕਾਂ 'ਚ ਸਿੱਖਿਆ ਦਫ਼ਤਰਾਂ ਅੱਗੇ ਵਿਰੋਧ 'ਚ ਧਰਨੇ- ਮੁਜ਼ਾਹਰੇ ਕੀਤੇ ਗਏ ਹਨ। ਇਸ ਸਮੇਂ ਸਰਬਜੀਤ ਕੌਰ ਕੌੜਿਆਂਵਾਲੀ, ਕਿਰਨਪਾਲ ਕੌਰ ਮਹਾਬੱਧਰ, ਸੁਖਚਰਨ ਕੌਰ, ਹਰਪ੍ਰੀਤ ਕੌਰ ਮੁਕਤਸਰ, ਰਜਿੰਦਰ ਕੌਰ ਮੁਕਤਸਰ, ਰਾਜਪਾਲ ਕੌਰ ਚੜ੍ਹੇਵਾਨ, ਸੰਦੀਪ ਕੌਰ ਝੁੱਗੇ, ਬਲਜਿੰਦਰ ਕੌਰ ਖੱਪਿਆਂਵਾਲੀ, ਮਨਜੀਤ ਕੌਰ ਡੋਹਕ, ਮਨਜੀਤ ਕੌਰ ਬੁੱਢੀਮਾਲ, ਸੁਖਵਿੰਦਰ ਕੌਰ ਸੰਗੂਧੌਣ, ਪਰਮਜੀਤ ਕੌਰ ਬਾਵਾ, ਪਰਮਜੀਤ ਕੌਰ ਬੇਦੀ, ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ, ਅੰਮ੍ਰਿਤਪਾਲ ਕੌਰ ਥਾਂਦੇਵਾਲਾ ਆਦਿ ਆਗੂ ਮੌਜੂਦ ਸਨ। ਧਰਨੇ ਦੌਰਾਨ ਸਿੱਖਿਆ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਬਾਹਰ ਨਹੀਂ ਆਇਆ।
ਆਖਿਰ ਪ੍ਰਸ਼ਾਸਨਿਕ ਅਧਿਕਾਰੀ ਕਦੋਂ ਸੁਣਨਗੇ ਪਿੰਡ ਸੋਥਾ ਦੀ ਫਰਿਆਦ
NEXT STORY